ਜਦੋਂ ਜਰਮਨੀ ਦੇ ਹਾਕੀ ਖਿਡਾਰੀਆਂ ਦੇ ਕੰਨਾਂ 'ਚ ਗੂੰਜਦੇ ਰਹੇ 'ਸਿੰਘ.ਸਿੰਘ.ਸਿੰਘ.' ਸ਼ਬਦ
Friday, Aug 06, 2021 - 03:24 PM (IST)
ਸਪੋਰਟਸ ਡੈਸਕ : ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਵੱਲੋਂ ਜਰਮਨੀ ਨੂੰ ਮਾਤ ਦੇ ਕੇ ਕਾਂਸੀ ਤਮਗੇ ’ਤੇ ਕਬਜ਼ਾ ਕਰ ਲਿਆ ਗਿਆ ਹੈ। ਜਿੱਥੇ ਇਸ ਮੈਚ ਮਗਰੋਂ ਪੂਰੇ ਦੇਸ਼ ਭਰ ਵਿਚ ਭਾਰਤੀ ਹਾਕੀ ਖਿਡਾਰੀਆਂ ਦੀ ਸ਼ਲਾਘਾ ਹੋ ਰਹੀ ਹੈ। ਉਥੇ ਹੀ ਜਰਮਨ ਮੀਡੀਆ ਭਾਰਤੀ ਖਿਡਾਰੀਆਂ ਨੂੰ ਕੋਸਦਾ ਹੋਇਆ ਨਜ਼ਰ ਆਇਆ। ਇਕ ਜਰਮਨ ਦੀ ਮੀਡੀਆ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਖਿਡਾਰੀਆਂ ਹੱਥੋਂ ਹਾਰਨ ਤੋਂ ਬਾਅਦ ਜਰਮਨੀ ਹਾਕੀ ਟੀਮ ਦੇ ਖਿਡਾਰੀਆਂ ਵਿਚਾਲੇ ਸਿੰਘ, ਸਿੰਘ ਅਤੇ ਸਿਰਫ਼ ਸਿੰਘ ਹੀ ਗੂੰਜਦਾ ਰਿਹਾ।
ਜਰਮਨੀ ਮੀਡੀਆ ਵਿਚ ਲਿਖੇ ਗਏ ਲੇਖ ਵਿਚ ਕਿਹਾ ਗਿਆ ਹੈ। ਸਾਡੇ ਹਾਕੀ ਖਿਡਾਰੀ ਹੰਝੂਆਂ ਦੀ ਵਾਦੀ ’ਚ ਜਾ ਰਹੇ ਹਨ। ਚਾਰ ਵਾਰ ਦੀ ਓਲੰਪਿਕ ਚੈਂਪੀਅਨ ਟੀਮ ਭਾਰਤ ਨਾਲ ਕਾਂਸੀ ਦੇ ਮੁਕਾਬਲੇ ’ਚ ਅਸਫ਼ਲ ਸਾਬਤ ਹੋਈ ਹੈ। ਹੋਨਾਮਸ ਭਾਵ ਜਰਮਨੀ ਹਾਕੀ ਟੀਮ ਨੇ 5-4 ਦੇ ਫਰਕ ਨਾਲ ਆਪਣੇ ਹੱਥਾਂ ਵਿਚੋਂ ਮੈਡਲ ਗਵਾ ਕੇ ਭਾਰਤੀਆਂ ਦੇ ਹੱਥਾਂ ਵਿਚ ਫੜਾ ਦਿੱਤਾ ਹੈ। ਸਿੰਘ, ਸਿੰਘ, ਸਿੰਘ, ਸਿੰਘ, ਸਿੰਘ,- ਇਹ ‘ਜਰਮਨੀ ਹਾਕੀ ਟੀਮ’ ਦੇ ਕੰਨਾਂ ਵਿਚ ਖ਼ਰਾਬ ਸੰਗੀਤ ਸੀ। ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਸਿਰਮਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਭਾਰਤ ਲਈ ਗੋਲ ਕੀਤੇ। ਭਾਰਤ ਨੇ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਪਹਿਲਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਓਲੰਪਿਕ ਦੇ ਇਤਿਹਾਸ ਵਿਚ ਭਾਰਤ ਦਾ ਇਹ ਤੀਜਾ ਹਾਕੀ ਕਾਂਸੀ ਤਮਗਾ ਹੈ। ਹੋਰ ਦੋ ਕਾਂਸੀ ਦੇ ਤਮਗੇ 1968 ਮੈਕਸੀਕੋ ਸਿਟੀ ਅਤੇ 1972 ਮਿਊਨਿਖ ਖੇਡਾਂ ਵਿਚ ਆਏ। ਭਾਰਤੀ ਪੁਰਸ਼ ਹਾਕੀ ਟੀਮ ਨੇ ਕੁੱਲ 12 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 8 ਸੋਨੇ, ਇਕ ਚਾਂਦੀ ਅਤੇ 3 ਕਾਂਸੀ ਦੇ ਤਮਗੇ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।