ਟੋਕੀਓ ਓਲੰਪਿਕ ਮੁਲਤਵੀ ਕਰਨ ’ਤੇ ਵਿਚਾਰ ਕਰ ਰਿਹੈ IOC , ਕੈਨੇਡਾ ਨੇ ਨਾਂ ਲਿਆ ਵਾਪਸ
Monday, Mar 23, 2020 - 11:05 AM (IST)

ਸਪੋਰਟਸ ਡੈਸਕ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਟੋਕੀਓ ਓਲੰਪਿਕ ਨੂੰ ਮੁਲਤਵੀ ਕਰਨ ’ਤੇ ਚਾਰ ਹਫਤੇ ਦੇ ਅੰਦਰ ਫੈਸਲਾ ਲਵੇਗੀ ਜਦਕਿ ਕੈਨੇਡਾ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਇਨ੍ਹਾਂ ਖੇਡਾਂ ’ਚ ਆਪਣਾ ਦਲ ਨਹੀਂ ਭੇਜੇਗਾ। ਆਈ. ਓ. ਸੀ. ਜਾਪਾਨ ਸਰਕਾਰ, ਸੰਸਾਰਕ ਖੇਡ ਅਧਿਕਾਰੀਆਂ, ਪ੍ਰਸਾਰਕਾਂ ਅਤੇ ਪ੍ਰਾਯੋਜਕਾਂ ਨਾਲ ਗੱਲ ਕਰਕੇ ਫੈਸਲਾ ਲਵੇਗੀ। ਓਲੰਪਿਕ 24 ਜੁਲਾਈ ਤੋਂ ਸ਼ੁਰੂ ਹੋਣੇ ਹਨ।
ਕੋਰੋਨਾ ਵਾਇਰਸ ਕਾਰਨ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਖ਼ਤਰੇ ਵਿਚਾਲੇ ਕੈਨੇਡਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ’ਚ ਆਪਣੇ ਐਥਲੀਟਾਂ ਨੂੰ ਨਹੀਂ ਭੇਜੇਗਾ। ਉਸ ਨੇ ਨਾਲ ਹੀ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਓਲੰਪਿਕ ਦਾ ਆਯੋਜਨ ਜਾਪਾਨ ਦੇ ਟੋਕੀਓ ’ਚ 24 ਜੁਲਾਈ ਤੋਂ 9 ਅਗਸਤ ਤਕ ਹੋਣਾ ਹੈ ਪਰ ਵਿਸ਼ਵ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਅਜਿਹੇ ’ਚ ਓਲੰਪਿਕ ਦੇ ਆਯੋਜਨ ’ਤੇ ਖ਼ਤਰਾ ਮੰਡਰਾ ਰਿਹਾ ਹੈ।
ਕੈਨੇਡਾ ਟੀਮ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਕੈਨੇਡਾ ਓਲੰਪਿਕ ਕਮੇਟੀ (ਸੀ. ਓ. ਸੀ.) ਅਤੇ ਕੈਨੇਡਾ ਪੈਰਾਲੰਪਿਕ ਕਮੇਟੀ (ਸੀ. ਪੀ. ਸੀ.) ਨੇ ਐਥਲੀਟ ਆਯੋਗ, ਰਾਸ਼ਟਰੀ ਖੇਡ ਸੰਗਠਨ ਅਤੇ ਕੈਨੇਡਾ ਸਰਕਾਰ ਨਾਲ ਚਰਚਾ ਕਰਕੇ ਆਪਣੇ ਐਥਲੀਟਾਂ ਨੂੰ ਟੋਕੀਓ ’ਚ ਹੋਣ ਵਾਲੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ’ਚ ਨਹੀਂ ਭੇਜਣ ਦਾ ਸਖਤ ਫੈਸਲਾ ਲਿਆ ਹੈ।’’ ਬਿਆਨ ਦੇ ਮੁਤਾਬਕ ਕੋਰੋਨਾ ਦੇ ਖ਼ਤਰੇ ਵਿਚਾਲੇ ਟੋਕੀਓ ਜਾਣਾ ਐਥਲੀਟਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸੁਰੱਖਿਅਤ ਨਹੀਂ ਹੈ। ਕੈਨੇਡਾ ਟੀਮ ਨੇ ਕਿਹਾ, ‘‘ਉਹ ਸੀ. ਓ. ਸੀ. ਅਤੇ ਸੀ ਪੀ. ਸੀ. ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.), ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਤੋਂ ਤੁਰੰਤ ਓਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਮੰਗ ਕਰਦਾ ਹੈ। ਜੇਕਰ ਓਲੰਪਿਕ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਅਸੀਂ ਉਨ੍ਹਾਂ ਦਾ ਪੂਰਾ ਸਰਮਥਨ ਕਰਾਂਗੇ।