ਟੋਕੀਓ ਓਲੰਪਿਕ ਤੋਂ ਇਸ ਦੇਸ਼ ਨੇ ਵਾਪਸ ਲਿਆ ਆਪਣਾ ਨਾਂ, ਜਾਣੋ ਵਜ੍ਹਾ
Friday, Jul 23, 2021 - 02:23 PM (IST)
ਕੋਨਾਕ੍ਰੀ— ਅਫ਼ਰੀਕੀ ਦੇਸ਼ ਗਿਨੀ ਨੇ ਕੋਰੋਨਾ ਵਾਇਰਸ ਦੇ ਫਿਰ ਤੋਂ ਫ਼ੈਲਣ ਕਾਰਨ ਟੋਕੀਓ ਓਲੰਪਿਕ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਖੇਡ ਮੰਤਰੀ ਸਾਨੋਯੂਸੀ ਬੰਟਾਮਾ ਸੋਅ ਨੇ ਓਲਪਿਕ ਕਮੇਟੀ ਦੇ ਪ੍ਰਧਾਨ ਨੂੰ ਸੰਬੋਧਨ ਕਰਦੇ ਹੋਏ ਚਿੱਠੀ ’ਚ ਇਹ ਐਲਾਨ ਕੀਤਾ ਜਿਸ ’ਚ ਉਨ੍ਹਾਂ ਕੋਰੋਨਾ ਵਾਇਰਸ ਤੇ ਇਸ ਦੇ ਵੈਰੀਐਂਟ ਨੂੰ ਇਹ ਫ਼ੈਸਲਾ ਲੈਣ ਲਈ ਜਿੰਮੇਵਾਰ ਠਹਿਰਾਇਆ। ਬਿਆਨ ਮੁਤਾਬਕ ਕਿ ਕੋਵਿਡ-19 ਵੈਰੀਏਂਟ ਦੇ ਫ਼ੈਲਣ ਨਾਲ ਸਰਕਾਰ ਨੇ ਗਿਨੀ ਦੀ ਟੋਕੀਓ ’ਚ 32ਵੇਂ ਓਲੰਪਿਕ ’ਚ ਹਿੱਸੇਦਾਰੀ ਰੱਦ ਕਰਨ ਦਾ ਫ਼ੈਸਲਾ ਕੀਤਾ ਜੋ ਗਿੰਨੀ ਦੇ ਖਿਡਾਰੀਆਂ ਦੀ ਸਿਹਤ ਨੂੰ ਦੇਖਦੇ ਹੋਏ ਕੀਤਾ ਗਿਆ ਹੈ।
ਗਿਨੀ ਦੇ 5 ਖਿਡਾਰੀਆਂ ਨੂੰ ਟੋਕੀਓ ਓਲੰਪਿਕ ’ਚ ਸ਼ਿਰਕਤ ਕਰਨੀ ਸੀ ਜਿਸ ’ਚ ਫ੍ਰੀਸਟਾਈਲ ਪਹਿਲਵਾਨ ਫ਼ਾਤੋਯੂਮਾਟਾ ਯਾਰੀ ਕਾਮਾਰਾ ਇਸ ਫ਼ੈਸਲੇ ਤੋਂ ਕਾਫ਼ੀ ਨਾਰਾਜ਼ ਹਨ। ਗਿਨੀ ਨੇ 11 ਵਾਰ ਓਲੰਪਿਕ ’ਚ ਹਿੱਸਾ ਲਿਆ ਹੈ ਪਰ ਕਦੀ ਵੀ ਤਮਗ਼ਾ ਨਹੀਂ ਜਿੱਤ ਸਕਿਆ। ਉੱਤਰੀ ਕੋਰੀਆ ਨੇ ਵੀ ਕੋਰੋਨਾ ਵਾਇਰਸ ਨਾਲ ਸਬੰਧਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਟੋਕੀਓ ਓਲੰਪਿਕ ਤੋਂ ਹਟਣ ਦਾ ਫੈਸਲਾ ਕੀਤਾ ਹੈ।