ਟੋਕੀਓ ਓਲੰਪਿਕ ’ਚ ਵਿਦੇਸ਼ੀ ਦਰਸ਼ਕਾਂ ’ਤੇ ਰੋਕ ਲਾ ਸਕਦੈ ਜਾਪਾਨ
Thursday, Mar 04, 2021 - 05:28 PM (IST)

ਟੋਕੀਓ (ਯੂ. ਐੱਨ. ਆਈ.)- ਕੋਰੋਨਾ ਕਾਰਣ ਇਕ ਸਾਲ ਲਈ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਇਸ ਵਾਰ ਵਿਦੇਸ਼ੀ ਦਰਸ਼ਕਾਂ ਦੇ ਬਿਨਾਂ ਹੋ ਸਕਦੇ ਹਨ। ਮੁਲਤਵੀ ਹੋਏ ਟੋਕੀਓ ਓਲੰਪਿਕ ਦਾ ਪ੍ਰਬੰਧ ਇਸ ਸਾਲ ਜੁਲਾਈ-ਅਗਸਤ ’ਚ ਹੋਣਾ ਹੈ। ਜਾਪਾਨ ਸਰਕਾਰ ਵਿਦੇਸ਼ੀ ਦਰਸ਼ਕਾਂ ਨੂੰ ਓਲੰਪਿਕ ’ਚ ਆਉਣ ਤੋਂ ਰੋਕਣ ’ਤੇ ਵਿਚਾਰ ਕਰ ਰਹੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਕਿ ਜਾਪਾਨ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ੀ ਦਰਸ਼ਕ ਕੋਰੋਨਾ ਫੈਲਾਅ ਸਕਦੇ ਹਨ। ਹਾਲਾਂਕਿ ਅਜੇ ਕਾਫੀ ਜਾਪਾਨੀ ਤਾਂ ਕੋਰੋਨਾ ਕਾਲ ’ਚ ਓਲੰਪਿਕ ਖੇਡਾਂ ਦਾ ਪ੍ਰਬੰਧ ਕਰਨ ਦੇ ਹੀ ਵਿਰੋਧ ’ਚ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ’ਤੇ ਵਿਚਾਰ ਕਰਨਾ ਜਾਰੀ ਰੱਖੇਗੀ ਕਿ ਵਿਦੇਸ਼ੀ ਦਰਸ਼ਕਾਂ ਨੂੰ ਜਾਪਾਨ ’ਚ ਪ੍ਰਵੇਸ਼ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ ਅਤੇ ਸਟਾਲਾਂ ’ਤੇ ਦਰਸ਼ਕਾਂ ਦੀ ਗਿਣਤੀ ਕਿੰਨੀ ਹੋਵੇ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਸਥਾਨਕ ਪ੍ਰਬੰਧਕ ਕਮੇਟੀ ਆਈ. ਓ. ਸੀ., ਕੌਮਾਂਤਰੀ ਪੈਰਾਲਿੰਪਿਕ ਕਮੇਟੀ, ਟੋਕੀਓ ਅਤੇ ਰਾਸ਼ਟਰੀ ਸਰਕਾਰਾਂ ਦੇ ਅਧਿਕਾਰੀਆਂ ਨਾਲ ਇਕ ਬੈਠਕ ਕਰਨ ਜਾ ਰਹੀ ਹੈ।