ਟੋਕੀਓ ਓਲੰਪਿਕ ਦੇ ਦੌਰਾਨ ਐਥਲੀਟਾਂ ਦਾ ਰੋਜ਼ਾਨਾ ਹੋਵੇਗਾ ਕੋਰੋਨਾ ਟੈਸਟ
Monday, Jul 19, 2021 - 06:42 PM (IST)
ਟੋਕੀਓ— ਰੂਸੀ ਪੁਰਸ਼ ਫੁੱਟਬਾਲ ਟੀਮ ਦੇ ਮਹਾਪ੍ਰਬੰਧਕ ਸਰਗੇਈ ਟੇਟੁਖਿਨ ਨੇ ਸੋਮਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਦੇ ਦੌਰਾਨ ਐਥਲੀਟਾਂ ਦਾ ਰੋਜ਼ਾਨਾ ਕੋਰੋਨਾ ਟੈਸਟ ਹੋਵੇਗਾ। ਟੇਟੁਖਿਨ ਨੇ ਸਪੂਤਨਿਕ ਨੂੰ ਕਿਹਾ, ਏਅਰਪੋਰਟ ਪਹੁੰਚਣ ’ਤੇ ਸਾਡਾ ਕੋਰੋਨਾ ਟੈਸਟ ਕੀਤਾ ਗਿਆ ਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ, ਨਹੀਂ ਤਾਂ ਸਾਨੂੰ ਟੋਕੀਓ ਨਹੀਂ ਜਾਣ ਦਿੱਤਾ ਜਾਂਦਾ। ਹੁਣ ਸਾਡੇ ਰੋਜ਼ ਸਵੇਰੇ ਕੋਰੋਨਾ ਟੈਸਟ ਹੋਣਗੇ ਤੇ ਪੂਰੇ ਓਲੰਪਿਕ ਦੇ ਦੌਰਾਨ ਅਜਿਹਾ ਹੀ ਹੋਵੇਗਾ।’’
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਵਿਦੇਸ਼ੀ ਐਥਲੀਟਾਂ ਸਮੇਤ ਟੋਕੀਓ ’ਚ ਰਹਿਣ ਵਾਲੇ ਕਈ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਓਲੰਪਿਕ ਆਯੋਜਨ ਕਮੇਟੀ ਨੇ ਇਕ ਜੁਲਾਈ ਤੋਂ ਲੈ ਕੇ ਅਜੇ ਤਕ ਓਲੰਪਿਕ ਖੇਡਾਂ ਨਾਲ ਜੁੜੇ 40 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਮੁਲਤਵੀ ਹੋਈਆਂ ਓਲੰਪਿਕ ਖੇਡਾਂ 2020 ਹੁਣ 23 ਜੁਲਾਈ ਤੋਂ ਅੱਠ ਅਗਸਤ 2021 ਤਕ ਆਯੋਜਿਤ ਹੋਣੀਆਂ ਹਨ।