ਮਹਿਲਾ ਟੀਮ ਨੂੰ ਜਿੱਤਣ ਲਈ ਵਿਵਾਦ ਤੋਂ ਉਭਰਨਾ ਪਵੇਗਾ
Friday, Feb 08, 2019 - 03:22 AM (IST)
ਆਕਲੈਂਡ- ਭਾਰਤੀ ਮਹਿਲਾ ਕ੍ਰਿਕਟ ਟੀਮ ਜਦੋਂ ਜਿੱਤ ਰਹੀ ਹੁੰਦੀ ਹੈ ਤਾਂ ਉਹ ਗੈਰ-ਜ਼ਰੂਰੀ ਵਿਵਾਦ ਵਿਚ ਫਸ ਕੇ ਆਪਣੀ ਲੈਅ ਗੁਆ ਬੈਠਦੀ ਹੈ ਤੇ ਅਜਿਹਾ ਹੀ ਕੁਝ ਉਸਦੇ ਨਾਲ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਵੀ ਹੋਇਆ, ਜਿੱਥੇ ਉਸ ਨੂੰ ਆਪਣੀਆਂ 9 ਵਿਕਟਾਂ ਸਿਰਫ 34 ਦੌੜਾਂ 'ਤੇ ਗੁਆਉਣ ਤੋਂ ਬਾਅਦ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਟੀਮ ਦੀ ਹਾਰ ਤੋਂ ਬਾਅਦ ਇਸਦਾ ਕਾਰਨ ਨਿਕਲ ਕੇ ਸਾਹਮਣੇ ਆਇਆ ਤਾਂ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਹਾਰ ਤਾਜ਼ਾ ਹੋ ਗਈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀ-20 ਟੀਮ ਨਾਲ ਸਭ ਤੋਂ ਤਜਰਬੇਕਾਰ ਬੱਲੇਬਾਜ਼ ਤੇ ਵਨ ਡੇ ਕਪਤਾਨ ਮਿਤਾਲੀ ਰਾਜ ਨੂੰ ਬਾਹਰ ਰੱਖਿਆ ਗਿਆ ਸੀ ਤੇ ਫਿਰ ਭਾਰਤ ਵਿਸ਼ਵ ਕੱਪ ਤੋਂ ਹੀ ਬਾਹਰ ਹੋ ਗਿਆ ਸੀ।
ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਵੀ ਇਹ ਹੀ ਕੁਝ ਹੋਇਆ। ਮਿਤਾਲੀ ਨੂੰ ਬਾਹਰ ਰੱਖਿਆ ਗਿਆ ਤੇ ਭਾਰਤੀ ਟੀਮ ਇਹ ਮੈਚ ਹਾਰ ਗਈ। ਹਰਮਨਪ੍ਰੀਤ ਨੂੰ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਇਸ ਫਾਰਮੈੱਟ ਵਿਚ ਵੀ ਟੀਮ ਨੂੰ ਇਕ ਤਜਰਬੇਕਾਰ ਬੱਲੇਬਾਜ਼ ਦੀ ਲੋੜ ਪੈਂਦੀ ਹੈ। ਮਿਤਾਲੀ ਦਾ ਤਜਰਬਾ ਟੀਮ ਲਈ ਫਾਇਦੇਮੰਦ ਹੈ ਤੇ ਇਸ ਗੱਲ ਨੂੰ ਉਸ ਨੇ ਲਗਾਤਾਰ ਸਾਬਤ ਕੀਤਾ ਹੈ। ਮਿਤਾਲੀ ਨੇ ਵਿਸ਼ਵ ਕੱਪ ਵਿਚ ਦੋ ਅਰਧ ਸੈਂਕੜੇ ਬਣਾਏ ਸਨ, ਇਸਦੇ ਬਾਵਜੂਦ ਉਸ ਨੂੰ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ।
ਭਾਰਤੀ ਟੀਮ ਜਦੋਂ ਸ਼ੁੱਕਰਵਾਰ ਨੂੰ ਆਕਲੈਂਡ ਵਿਚ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਖੇਡਣ ਉੱਤਰੇਗੀ ਤਾਂ ਉਹ ਟੀ-20 ਮੈਚਾਂ ਦਾ ਆਪਣਾ ਸੈਂਕੜਾ ਪੂਰਾ ਕਰੇਗੀ। ਇਸ ਮੈਚ ਨੂੰ ਯਾਦਗਾਰ ਬਣਾਉਣ ਲਈ ਭਾਰਤੀ ਟੀਮ ਨੂੰ ਵਿਵਾਦ ਤੋਂ ਦੂਰ ਰਹਿ ਕੇ ਵਾਪਸੀ ਕਰਨੀ ਪਵੇਗੀ ਨਹੀਂ ਤਾਂ ਸੀਰੀਜ਼ ਉਸਦੇ ਹੱਥੋਂ ਨਿਕਲ ਜਾਵੇਗੀ।
