ਵੱਡੇ ਟੀਚੇ ਹਾਸਲ ਕਰਨ ਲਈ ਨਿਯਮਿਤ ਤੌਰ ''ਤੇ ਕੁਆਲੀਫਾਈ ਕਰਨਾ ਜ਼ਰੂਰੀ : ਸਟਿਮਕ
Monday, Feb 28, 2022 - 10:57 AM (IST)
ਨਵੀਂ ਦਿੱਲੀ- ਭਾਰਤੀ ਪੁਰਸ਼ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੇ ਕਿਹਾ ਕਿ ਟੀਮ ਨੂੰ ਏ. ਐੱਫ. ਸੀ. ਏਸ਼ੀਆਈ ਕੱਪ ਦੇ ਲਈ ਕੁਆਲੀਫਾਈ ਕਰਨ ਵੱਲ ਕੰਮ ਕਰਨਾ ਚਾਹੀਦਾ ਹੈ ਤੇ ਵੱਡੇ ਟੀਚੇ ਨੂੰ ਹਾਸਲ ਕਰਨ ਲਈ ਨਿਯਮਿਤ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਕ੍ਰੋਏਸ਼ੀਆ ਦੀ 1998 ਵਿਸ਼ਵ ਕੱਪ ਦੀ ਟੀਮ ਦੇ ਮੈਂਬਰ ਸਟਿਮਕ ਦਾ 'ਬਲੂ ਟਾਈਗਰਸ' (ਭਾਰਤੀ ਟੀਮ) ਲਈ ਅਗਲਾ ਟੂਰਨਾਮੈਂਟ ਏ. ਐੱਫ. ਸੀ. ਏਸ਼ੀਆਈ ਕੱਪ ਚੀਨ 2023 ਦੇ ਤੀਜੇ ਤੇ ਆਖ਼ਰੀ ਦੌਰ ਦੇ ਕੁਆਲੀਫਾਇਰ ਹੈ ਜੋ ਕੋਲਕਾਤਾ 'ਚ 8, 11 ਤੇ 14 ਜੂਨ ਨੂੰ ਹੋਣਗੇ।
ਭਾਰਤ ਸੰਯੁਕਤ ਅਰਬ ਅਮੀਰਾਤ 'ਚ ਮਹਾਦੀਪ ਦੇ ਟੂਰਨਾਮੈਂਟ ਦੇ 2019 ਪੜਾਅ ਦਾ ਹਿੱਸਾ ਸੀ ਪਰ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ 'ਤੇ 4-1 ਦੀ ਜਿੱਤ ਦੇ ਬਾਵਜੂਦ ਨਾਕਆਊਟ ਪੜਾਅ ਤੋਂ ਬਾਹਰ ਹੋ ਗਿਆ ਸੀ। ਸਟਿਮਕ ਨੇ ਕਿਹਾ ਕਿ ਸਾਨੂੰ ਵੱਡੇ ਸੁਪਨਿਆਂ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ। ਸਾਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਹੈ ਤੇ ਇਹ ਇਕ-ਇਕ ਕਦਮ ਪੁੱਟ ਕੇ ਹੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਆਪਣੇ ਸੁਫ਼ਨੇ ਨੂੰ ਸਾਕਾਰ ਕਰਨਾ ਹੈ ਤਾਂ ਏ. ਐੱਫ. ਸੀ. ਏਸ਼ੀਆਈ ਕੱਪ ਫਾਈਨਲਸ ਲਈ ਕੁਆਲੀਫਾਈ ਕਰਨਾ ਤੇ ਨਿਯਮਿਤ ਤੌਰ 'ਤੇ ਖੇਡਣਾ ਤੇ ਇਸ 'ਚ ਚੰਗਾ ਕਰਦੇ ਰਹਿਣਾ ਹੈ ਜੋ ਕਿ ਸਾਡੇ ਲਈ ਜ਼ਰੂਰੀ ਹੈ। ਭਾਰਤ ਨੂੰ ਆਖ਼ਰੀ ਦੌਰ ਦੇ ਕੁਆਲੀਫਾਇਰ ਦੇ ਲਈ ਗਰੁੱਪ ਡੀ 'ਚ ਹਾਂਗਕਾਂਗ, ਅਫਗਾਨਿਸਤਾਨ ਤੇ ਕੰਬੋਡੀਆ ਦੇ ਨਾਲ ਰੱਖਿਆ ਗਿਆ ਹੈ।