ਥਾਂਪਸਨ ਹੇਰਾਹ 100 ਮੀਟਰ ’ਚ ਵਿਸ਼ਵ ਰਿਕਾਰਡ ਤੋਂ ਖੁੰਝੀ
Sunday, Aug 22, 2021 - 12:40 PM (IST)
ਯੂਜੀਨ— ਜਮੈਕਾ ਦੀ ਫ਼ਰਾਟਾ ਦੌੜਾਕ ਇਲੇਨੀ ਥਾਂਪਸਨ ਹੇਰਾਹ ਨੇ ਪ੍ਰੀਫ਼ੋਨਟੇਨ ਕਲਾਸਿਕ ਐਥਲੈਟਿਕਸ ਪ੍ਰਤੀਯੋਗਿਤਾ ’ਚ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਦੇ ਆਪਣੇ ਪ੍ਰਦਰਸ਼ਨ ’ਚ ਸੁਧਾਰ ਕੀਤਾ ਪਰ ਉਹ ਫਲੋਰੇਂਸ ਗਿ੍ਰਫਿਥ ਜਾਇਨਰ ਦੇ 33 ਸਾਲ ਪੁਰਾਣੇ ਵਿਸ਼ਵ ਰਿਕਾਰਡ ਨੂੰ ਤੋੜਨ ਤੋਂ ਖੁੰਝ ਗਈ। ਥਾਂਪਸਨ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੀ 100 ਮੀਟਰ ਦੌੜ ’ਚ 10.54 ਸਕਿੰਟ ’ਚ ਪੂਰੀ ਕੀਤੀ ਜੋ ਇਸ ਸਾਲ ਵਿਸ਼ਵ ’ਚ ਕਿਸੇ ਵੀ ਐਥਲੀਟ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਉਨ੍ਹਾਂ ਨੇ ਟੋਕੀਓ ਓਲੰਪਿਕ ’ਚ 10.61 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਇਸ ’ਚ ਸੁਧਾਰ ਕੀਤਾ ਪਰ ਜਾਇਨਰ ਦਾ 1988 ’ਚ ਬਣਾਇਆ ਗਿਆ 10.49 ਦਾ ਰਿਕਾਰਡ ਅਜੇ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਥਾਂਪਸਨ ਦੇ ਬਾਅਦ ਜਮੈਕਾ ਦੀ ਸ਼ੇਲੀ ਐੱਨ. ਫ੍ਰੇਜ਼ਰ ਪ੍ਰਾਈਸ ਤੇ ਸ਼ੇਰਿਕਾ ਜੈਕਸਨ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਥਾਂਪਸਨ ਹੇਰਾਹ ਨੇ ਕਿਹਾ, ‘‘ਮੈਂ ਥੋੜ੍ਹੀ ਹੈਰਾਨ ਹਾਂ ਕਿਉਂਕਿ ਪਿਛਲੇ ਸਾਲਾਂ ’ਚ ਮੈਂ ਇੰਨਾ ਤੇਜ਼ ਨਹੀਂ ਦੌੜੀ। ਮੈਂ ਅਸਲ ’ਚ ਚੈਂਪੀਅਨਸ਼ਿਪ ’ਚ ਬਹੁਤ ਤੇਜ਼ ਦੌੜੀ। ਦੋ ਹਫ਼ਤਿਆਂ ’ਚ ਦੂਜੀ ਵਾਰ ਆਪਣਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਸ਼ਾਨਦਾਰ ਹੈ।