UAE ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, T20 WC ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ
Sunday, Oct 16, 2022 - 06:48 PM (IST)
ਸਪੋਰਟਸ ਡੈਸਕ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕ੍ਰਿਕਟਰ ਅਯਾਨ ਅਫਜ਼ਲ ਖਾਨ ਨੇ ਗੀਲਾਂਗ ਦੇ ਸਿਮੰਡਸ ਸਟੇਡੀਅਮ 'ਚ ਨੀਦਰਲੈਂਡ ਖਿਲਾਫ ਟੀ-20 ਵਿਸ਼ਵ ਕੱਪ 2022 ਦੇ ਗਰੁੱਪ ਏ ਦੇ ਦੂਜੇ ਮੈਚ 'ਚ ਵੱਡਾ ਰਿਕਾਰਡ ਬਣਾਇਆ ਹੈ। ਅਯਾਨ ਟੀ-20 ਵਿਸ਼ਵ ਕੱਪ ਖੇਡਣ ਵਾਲੇ ਸਭ ਤੋਂ ਯੁਵਾ ਕ੍ਰਿਕਟਰ ਬਣ ਗਏ ਹਨ। ਸਾਲ 2005 'ਚ ਜਨਮੇ ਅਯਾਨ ਨੇ 16 ਸਾਲ 335 ਦਿਨ ਦੀ ਉਮਰ 'ਚ ਟੀ-20 ਵਿਸ਼ਵ ਕੱਪ ਖੇਡ ਕੇ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜ੍ਹੋ : T20 WC : ਸ਼੍ਰੀਲੰਕਾ ਦੀ ਕਰਾਰੀ ਹਾਰ, ਨਾਮੀਬੀਆ ਨੇ 55 ਦੌੜਾਂ ਨਾਲ ਦਰਜ ਕੀਤੀ ਜਿੱਤ
ਬੱਲੇਬਾਜ਼ੀ ਆਲਰਾਊਂਡਰ ਅਯਾਨ ਹਾਲਾਂਕਿ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ। ਅਯਾਨ ਨੇ 7 ਗੇਂਦਾਂ 'ਤੇ 5 ਦੌੜਾਂ ਬਣਾਈਆਂ। ਉਹ ਫਰੇਡ ਕਲਾਸੇਨ ਦੀ ਗੇਂਦ 'ਤੇ ਟਾਮ ਕੂਪਰ ਦੇ ਹੱਥੋਂ ਕੈਚ ਆਊਟ ਹੋਇਆ। ਦੂਜੇ ਪਾਸੇ, ਜਦੋਂ ਗੇਂਦਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਉਸਨੇ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ 3 ਓਵਰਾਂ 'ਚ 15 ਦੌੜਾਂ ਦੇ ਕੇ 5 ਦੀ ਇਕਾਨਮੀ ਰੇਟ 'ਤੇ ਇਕ ਵਿਕਟ ਲਈ।
ਟੀ-20 ਵਿਸ਼ਵ ਕੱਪ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ
ਅਯਾਨ ਅਫਜ਼ਲ ਖਾਨ, ਯੂ. ਏ. ਈ.- 16 ਸਾਲ 335 ਦਿਨ - 2022
ਮੁਹੰਮਦ ਆਮਿਰ, ਪਾਕਿਸਤਾਨ - 17 ਸਾਲ 55 ਦਿਨ - 2009
ਰਾਸ਼ਿਦ ਖਾਨ, ਅਫਗਾਨਿਸਤਾਨ - 17 ਸਾਲ 170 ਦਿਨ - 2016
ਅਹਿਮਦ ਸ਼ਹਿਜ਼ਾਦ, ਪਾਕਿਸਤਾਨ - 17 ਸਾਲ 196 ਦਿਨ - 2009
ਜਾਰਜ ਡੌਕਰੇਲ, ਆਇਰਲੈਂਡ - 17 ਸਾਲ 282 ਦਿਨ - 2010
ਮੈਚ ਦੀ ਗੱਲ ਕਰੀਏ ਤਾਂ ਨੀਦਰਲੈਂਡ ਨੇ ਜੁਨੈਦ ਸਿੱਦੀਕੀ (24/3) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਯੂ. ਏ. ਈ. ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਯੂ. ਏ. ਈ. ਨੇ ਨੀਦਰਲੈਂਡ ਦੇ ਸਾਹਮਣੇ 112 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਨੂੰ ਨੀਦਰਲੈਂਡ ਨੇ ਇਕ ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨੀਦਰਲੈਂਡ 13 ਓਵਰਾਂ ਵਿੱਚ 76/4 ਦੇ ਸਕੋਰ ਨਾਲ ਆਸਾਨੀ ਨਾਲ ਟੀਚੇ ਵੱਲ ਵਧ ਰਿਹਾ ਸੀ, ਪਰ ਜੁਨੈਦ ਨੇ 14ਵੇਂ ਓਵਰ ਵਿੱਚ ਟਾਮ ਕੂਪਰ ਅਤੇ ਵਾਨ ਡੇਰ ਮਰਵੇ ਨੂੰ ਆਊਟ ਕਰਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਜ਼ਹੂਰ ਖਾਨ ਨੇ 19ਵੇਂ ਓਵਰ ਵਿੱਚ ਟਿਮ ਪ੍ਰਿੰਗਲ (15) ਦਾ ਵਿਕਟ ਲਿਆ ਜਿਸ ਤੋਂ ਬਾਅਦ ਆਖ਼ਰੀ ਓਵਰ ਵਿੱਚ ਡੱਚ ਟੀਮ ਨੂੰ ਛੇ ਦੌੜਾਂ ਦੀ ਲੋੜ ਸੀ। ਲੋਗਨ ਵੈਨ ਬੀਕ ਅਤੇ ਸਕਾਟ ਐਡਵਰਡਸ ਨੇ ਪੰਜ ਗੇਂਦਾਂ ਵਿੱਚ ਇਹ ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।