ਆਸਟ੍ਰੇਲੀਆ-ਏ ਵਿਰੁੱਧ ਵਨ ਡੇ ਲੜੀ ਲਈ ਇਹ ਧਾਕੜ ਖਿਡਾਰੀ ਭਾਰਤ-ਏ ਟੀਮ ’ਚ

Thursday, Sep 10, 2026 - 10:23 AM (IST)

ਆਸਟ੍ਰੇਲੀਆ-ਏ ਵਿਰੁੱਧ ਵਨ ਡੇ ਲੜੀ ਲਈ ਇਹ ਧਾਕੜ ਖਿਡਾਰੀ ਭਾਰਤ-ਏ ਟੀਮ ’ਚ

ਨਵੀਂ ਦਿੱਲੀ : ਸੀਨੀਅਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਆਸਟ੍ਰੇਲੀਆ-ਏ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ 3 ਮੈਚਾਂ ਦੀ ਵਨ ਡੇ ਲੜੀ ਲਈ ਭਾਰਤ-ਏ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਪਰ ਉਸ ਦਾ ਖੇਡਣਾ ਪੂਰੀ ਫਿਟਨੈੱਸ ਹਾਸਲ ਕਰਨ ’ਤੇ ਨਿਰਭਰ ਕਰੇਗਾ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੰਡਯਾ ਨੇ ਆਪਣਾ ਪਿਛਲਾ ਮੁਕਾਬਲਾ ਇੰਡੀਅਨ ਪ੍ਰੀਮੀਅਰ ਲੀਗ ਦੇ ਪਿਛਲੇ ਸੈਸ਼ਨ ’ਚ ਮੁੰਬਈ ਇੰਡੀਅਨਜ਼ ਲਈ ਖੇਡਿਆ ਸੀ। ਉਸ ਤੋਂ ਬਾਅਦ ਤੋਂ ਇਹ 32 ਸਾਲਾ ਖਿਡਾਰੀ ਵੱਖ-ਵੱਖ ਸੱਟਾਂ ਕਾਰਨ ਕ੍ਰਿਕਟ ਤੋਂ ਦੂਰ ਹੈ। ਫਿਲਹਾਲ ਉਹ ਪੱਟ ਦੀ ਸੱਟ ਤੋਂ ਉੱਭਰ ਰਿਹਾ ਹੈ। ਆਸਟ੍ਰੇਲੀਆ-ਏ ਦੇ ਭਾਰਤ ਦੌਰੇ ਦੀ ਸ਼ੁਰੂਆਤ 22 ਸਤੰਬਰ ਨੂੰ ਪੁਡੂਚੇਰੀ ’ਚ ਹੋਵੇਗੀ ਜਦਕਿ ਇਸੇ ਸਥਾਨ ’ਤੇ ਦੂਜਾ ਮੈਚ 29 ਸਤੰਬਰ ਤੋਂ ਖੇਡਿਆ ਜਾਵੇਗਾ। ਬਹੁ-ਦਿਨਾਂ ਮੁਕਾਬਲਿਆਂ ਤੋਂ ਬਾਅਦ ਪੁਡੂਚੇਰੀ ’ਚ ਹੀ ਤਿੰਨ ਵਨ ਡੇ ਮੈਚਾਂ ਦੀ ਲੜੀ ਹੋਵੇਗੀ ਜਿਸ ਦੇ ਮੁਕਾਬਲੇ 6, 9 ਅਤੇ 11 ਅਕਤੂਬਰ ਨੂੰ ਖੇਡੇ ਜਾਣਗੇ।

ਭਾਰਤ ਦੀ ਸੀਨੀਅਰ ਟੀਮ ਵੀ ਵੈਸਟਇੰਡੀਜ਼ ਵਿਰੁੱਧ 27, 30 ਸਤੰਬਰ ਤੇ 3 ਅਕਤੂਬਰ ਨੂੰ 3 ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖੇਡੇਗੀ। ਦੇਵਦੱਤ ਪੱਡੀਕਲ ਬਹੁ-ਦਿਨਾਂ ਲੜੀ ’ਚ ਭਾਰਤ-ਏ ਦੀ ਅਗਵਾਈ ਕਰੇਗਾ ਜਦਕਿ ਸੀਮਿਤ ਓਵਰਾਂ ਦੀ ਟੀਮ ਦੀ ਕਮਾਨ ਰਿਤੂਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਪੈਰ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਸਾਈ ਸੁਦਰਸ਼ਨ ਨੂੰ ਬਹੁ-ਦਿਨਾਂ ਮੁਕਾਬਲਿਆਂ ਲਈ ਭਾਰਤ-ਏ ਦਾ ਉਪ ਕਪਤਾਨ ਬਣਾਇਆ ਗਿਆ ਹੈ।

ਭਾਰਤ-ਏ ਬਹੁ-ਦਿਨਾਂ ਟੀਮ : ਦੇਵਦੱਤ ਪੱਡੀਕਲ (ਕਪਤਾਨ), ਸਾਈ ਸੁਦਰਸ਼ਨ, ਅਮਨ ਮੋਖਾਡੇ, ਆਯੂਸ਼ ਪਾਂਡੇ, ਯਸ਼ ਰਾਠੌੜ, ਸ਼ੇਖ ਰਸ਼ੀਦ, ਕੁਮਾਰ ਕੁਸ਼ਾਗਰ, ਸ਼ਮਸ ਮੁਲਾਨੀ, ਤਨੁਸ਼ ਕੋਟੀਆਨ, ਤੁਸ਼ਾਰ ਦੇਸ਼ਪਾਂਡੇ, ਅੰਸ਼ੁਲ ਕੰਬੋਜ, ਪ੍ਰਫੁੱਲ ਹਿੰਗੇ, ਐੱਨ. ਜਗਦੀਸ਼ਨ, ਨਚਿਕੇਤ ਭੁਟੇ, ਵੀ. ਵਿਸ਼ਾਖ।

ਭਾਰਤ-ਏ ਵਨ ਡੇ ਟੀਮ : ਰਿਤੂਰਾਜ ਗਾਇਕਵਾੜ (ਕਪਤਾਨ), ਦੇਵਦੱਤ ਪੱਡੀਕਲ, ਪ੍ਰਿਆਂਸ਼ ਆਰੀਆ, ਸਾਈ ਸੁਦਰਸ਼ਨ, ਰਜਤ ਪਾਟੀਦਾਰ, ਕੁਮਾਰ ਕੁਸ਼ਾਗਰ, ਨਿਸ਼ਾਂਤ ਸਿੰਧੂ, ਵਿਪਰਾਜ ਨਿਗਮ, ਅਰਸ਼ੀਨ ਕੁਲਕਰਨੀ, ਅਰਸ਼ਦ ਖਾਨ, ਨਮਨ ਧੀਰ, ਹਾਰਦਿਕ ਪੰਡਯਾ, ਪ੍ਰਭਸਿਮਰਨ ਸਿੰਘ, ਗੁਰਜਪਨੀਤ ਸਿੰਘ, ਯਸ਼ ਠਾਕੁਰ।


author

SATPAL

Content Editor

Related News