ਅਸ਼ਵਿਨ ਨੇ ਬਣਾਇਆ ਇਹ ਖਾਸ ਰਿਕਾਰਡ, ਹਰਭਜਨ ਸਿੰਘ ਨੂੰ ਛੱਡਿਆ ਪਿੱਛੇ
Sunday, Feb 14, 2021 - 09:43 PM (IST)
ਚੇਨਈ- ਸੀਨੀਅਰ ਆਫ ਸਪਿਨਰ ਆਰ. ਅਸ਼ਵਿਨ ਨੇ ਐਤਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਮੈਚ ਦੌਰਾਨ ਹਰਭਜਨ ਸਿੰਘ ਨੂੰ ਪਛਾੜ ਕੇ ਭਾਰਤੀ ਧਰਤੀ ’ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਅਸ਼ਵਿਨ ਨੇ ਬੇਨ ਸਟੋਕਸ ਨੂੰ ਆਊਟ ਕਰਨ ਤੋਂ ਬਾਅਦ ਹਰਭਜਨ ਨੂੰ ਪਛਾੜਿਆ, ਜਿਸ ਦੇ ਨਾਂ 28.76 ਦੀ ਔਸਤ ਨਾਲ 265 ਵਿਕਟਾਂ ਦਰਜ ਹਨ। ਅਸ਼ਵਿਨ ਨੇ ਹੁਣ ਤਕ 76 ਟੈਸਟਾਂ ਵਿਚ 25.26 ਦੀ ਸ਼ਾਨਦਾਰ ਔਸਤ ਨਾਲ ਕੁਲ 391 ਵਿਕਟਾਂ ਲਈਆਂ ਹਨ।
34 ਸਾਲਾ ਅਸ਼ਵਿਨ ਨੇ 29ਵੀਂ ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਤੇ 7 ਵਾਰ ਉਸ ਨੇ 10 ਵਿਕਟਾਂ ਲਈਆਂ ਹਨ, ਜਿਸ ਵਿਚ ਇਕ ਪਾਰੀ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ 59 ਦੌੜਾਂ ਦੇ ਕੇ 7 ਵਿਕਟਾਂ ਤੇ ਮੈਚ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ 140 ਦੌੜਾਂ ਦੇ ਕੇ 13 ਵਿਕਟਾਂ ਲੈਣ ਦਾ ਰਿਹਾ ਹੈ।
ਅਸ਼ਵਿਨ ਨੇ ਘਰੇਲੂ ਧਰਤੀ ’ਤੇ 266 ਵਿਕਟਾਂ 22.67 ਦੀ ਔਸਤ ਨਾਲ ਲਈਆਂ ਹਨ। ਮਹਾਨ ਸਪਿਨਰ ਅਨਿਲ ਕੁੰਬਲੇ ਭਾਰਤ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ, ਜਿਸ ਨੇ 24.88 ਦੀ ਔਸਤ ਨਾਲ 350 ਵਿਕਟਾਂ ਲਈਆਂ ਹਨ। ਕੁੰਬਲੇ ਭਾਰਤ ਦੀਆਂ ਟੈਸਟ ਮੈਚਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਹੈ, ਜਿਸ ਦੇ ਨਾਂ 619 ਵਿਕਟਾਂ ਹਨ। ਹਰਭਜਨ ਸਿੰਘ ਇਸ ਸੂਚੀ ਵਿਚ 417 ਵਿਕਟਾਂ ਨਾਲ ਤੀਜੀ ਤੇ 400 ਵਿਕਟਾਂ ਦੇ ਨੇੜੇ ਵਧ ਰਿਹਾ ਅਸ਼ਵਿਨ ਚੌਥੇ ਸਥਾਨ ’ਤੇ ਹੈ। ਕਪਿਲ ਦੇਵ ਇਸ ਸੂਚੀ ਵਿਚ 434 ਵਿਕਟਾਂ ਨਾਲ ਦੂਜੇ ਨੰਬਰ ’ਤੇ ਹੈ।
ਅਸ਼ਵਿਨ ਨੇ ਹਰਭਜਨ ਤੋਂ ਮੰਗੀ ਮੁਆਫੀ
ਆਰ. ਅਸ਼ਵਿਨ ਨੇ ਐਤਵਾਰ ਨੂੰ ਹਰਭਜਨ ਸਿੰਘ ਨੂੰ ਪਛਾੜ ਕੇ ਭਾਰਤੀ ਧਰਤੀ ’ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਪਹੁੰਚਣ ਤੋਂ ਬਾਅਦ ਆਪਣੇ ਸੀਨੀਅਰ ਗੇਂਦਬਾਜ਼ ਤੋਂ ਮੁਆਫੀ ਮੰਗੀ। ਅਸ਼ਵਿਨ ਨੇ ਕਿਹਾ,‘‘ਜਦੋਂ ਮੈਂ 2001 ਲੜੀ ਵਿਚ ਭੱਜੀ ਭਾਅ (ਹਰਭਜਨ) ਨੂੰ ਖੇਡਦੇ ਦੇਖਿਆ ਸੀ ਤਦ ਮੈਂ ਇਹ ਸੋਚਿਆ ਹੀ ਨਹੀਂ ਸੀ ਕਿ ਦੇਸ਼ ਲਈ ਆਫ ਸਪਿਨਰ ਦੇ ਤੌਰ ’ਤੇ ਖੇਡਾਂਗਾ। ਮੈਂ ਉਸ ਸਮੇਂ ਆਪਣੇ ਰਾਜ ਲਈ ਖੇਡ ਰਿਹਾ ਸੀ ਤੇ ਬੱਲੇਬਾਜ਼ੀ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ।’’
ਉਸ ਨੇ ਕਿਹਾ, ‘‘ਉਸ ਉਮਰ ਵਿਚ ਮੇਰੇ ਸਾਥੀ ਖਿਡਾਰੀ ਮੇਰਾ ਮਜ਼ਾਕ ਉਡਾਇਆ ਕਰਦੇ ਸੀ ਕਿਉਂਕਿ ਮੈਂ ਭੱਜੀ ਭਾਅ ਦੀ ਤਰ੍ਹਾਂ ਗੇਂਦਬਾਜ਼ੀ ਕਰਦਾ ਸੀ। ਉਸ ਸਥਿਤੀ ਵਿਚ ਆਉਣ ਤੋਂ ਬਾਅਦ ਉਸਦੇ ਰਿਕਾਰਡ ਨੂੰ ਤੋੜਨ ਲਈ ਤੁਹਾਨੂੰ ਅਵਿਸ਼ਵਾਸਯੋਗ ਰੂਪ ਨਾਲ ਵਿਸ਼ੇਸ਼ ਹੋਣਾ ਪੈਂਦਾ ਹੈ। ਮੈਨੂੰ ਇਸ ਦੇ ਬਾਰੇ ਵਿਚ ਪਤਾ ਨਹੀਂ ਸੀ, ਹੁਣ ਜਦੋਂ ਮੈਨੂੰ ਇਸਦੇ ਬਾਰੇ ਵਿਚ ਪਤਾ ਹੈ, ਤਾਂ ਮੈਨੂੰ ਖੁਸ਼ੀ ਹੋ ਰਹੀ ਹੈ। ਮਾਫ ਕਰੋ, ਭੱਜੀ ਭਾਅ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।