ਇਸ ਉਭਰਦੇ ਕ੍ਰਿਕਟਰ ਨੇ ਡੈਬਿਊ ਮੈਚ 'ਚ ਹੀ ਰਚਿਆ ਇਤਿਹਾਸ, ਤੋੜਿਆ ਪੰਡਯਾ ਦਾ ਵਰਲਡ ਰਿਕਾਰਡ
Saturday, Mar 29, 2025 - 12:33 PM (IST)

ਸਪੋਰਟਸ ਡੈਸਕ- ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੇ 21 ਸਾਲਾ ਕ੍ਰਿਕਟਰ ਪੁੱਤਰ ਮੁਹੰਮਦ ਅੱਬਾਸ ਨੇ ਨਿਊਜ਼ੀਲੈਂਡ ਲਈ ਡੈਬਿਊ ਮੈਚ ਵਿਚ ਹੀ ਪਾਕਿਸਤਾਨ ਵਿਰੁੱਧ ਵਨਡੇ ਮੈਚ ਵਿੱਚ ਨਵਾਂ ਇਤਿਹਾਸ ਰਚਿਆ ਹੈ। ਇਸ ਕ੍ਰਿਕਟਰ ਨੇ ਆਪਣੇ ਪਹਿਲੇ ਹੀ ਵਨਡੇ ਮੈਚ ਵਿੱਚ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਹ ਅਨੋਖਾ ਨਜ਼ਾਰਾ ਨੇਪੀਅਰ ਵਿੱਚ ਪਹਿਲੇ ਵਨਡੇ ਮੈਚ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਮੁਹੰਮਦ ਅੱਬਾਸ ਨੇ ਨਿਊਜ਼ੀਲੈਂਡ ਲਈ ਆਪਣੇ ਇੱਕ ਰੋਜ਼ਾ ਡੈਬਿਊ ਮੈਚ ਵਿੱਚ ਤੂਫਾਨੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ। ਮੁਹੰਮਦ ਅੱਬਾਸ ਨੇ ਪਾਕਿਸਤਾਨ ਖਿਲਾਫ ਪਹਿਲੇ ਵਨਡੇ ਮੈਚ ਵਿੱਚ ਸਿਰਫ਼ 24 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਇਸ ਤਰ੍ਹਾਂ, ਅੱਬਾਸ ਨੇ ਇੱਕ ਰੋਜ਼ਾ ਡੈਬਿਊ 'ਤੇ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਉਸਨੇ ਕਰੁਣਾਲ ਪੰਡਯਾ ਦਾ ਵਿਸ਼ਵ ਰਿਕਾਰਡ ਤੋੜਿਆ। ਸਾਲ 2021 ਵਿੱਚ ਆਪਣੇ ਪਹਿਲੇ ਵਨਡੇ ਮੈਚ ਵਿੱਚ, ਪੰਡਯਾ ਨੇ ਇੰਗਲੈਂਡ ਵਿਰੁੱਧ ਸਿਰਫ਼ 26 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਦਾ ਕਾਰਨਾਮਾ ਕੀਤਾ।
ਇਹ ਵੀ ਪੜ੍ਹੋ : ਗੰਭੀਰ ਨੇ ਪਤਨੀ ਨਾਲ ਸ਼ੇਅਰ ਕੀਤੀ ਫਰਾਂਸ 'ਚ ਵੇਕੇਸ਼ਨ ਦੀਆਂ ਤਸਵੀਰਾਂ ਤਾਂ ਯੁਵਰਾਜ ਸਿੰਘ ਨੇ ਲਏ ਮਜ਼ੇ, ਕਿਹਾ- ਤੂੰ ਨਾ...
ਨਿਊਜ਼ੀਲੈਂਡ ਲਈ ਪਹਿਲੇ ਹੀ ਮੈਚ ਵਿੱਚ ਕੀਤਾ ਕਮਾਲ
ਤੁਹਾਨੂੰ ਦੱਸ ਦੇਈਏ ਕਿ ਮੁਹੰਮਦ ਅੱਬਾਸ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਅਜ਼ਹਰ ਅੱਬਾਸ ਦੇ ਪੁੱਤਰ ਹਨ। ਉਸ ਦਾ ਤਾਲੁਕ ਪਾਕਿਸਤਾਨ ਦੇ ਲਾਹੌਰ ਨਾਲ ਹੈ। ਪਾਕਿਸਤਾਨ ਵਿੱਚ ਘਰੇਲੂ ਕ੍ਰਿਕਟ ਖੇਡਣ ਤੋਂ ਬਾਅਦ, ਉਹ ਨਿਊਜ਼ੀਲੈਂਡ ਚਲਾ ਗਿਆ ਅਤੇ ਉੱਥੇ ਹੀ ਉਸਦੇ ਪੁੱਤਰ ਮੁਹੰਮਦ ਅੱਬਾਸ ਨੇ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ। ਹੁਣ, ਨਿਊਜ਼ੀਲੈਂਡ ਲਈ ਖੇਡਦੇ ਹੋਏ, ਉਸਨੇ ਪਹਿਲੇ ਇੱਕ ਵਨਡੇ ਮੈਚ ਵਿੱਚ ਸ਼ਾਨਦਾਰ ਪਾਰੀ ਖੇਡ ਕੇ ਕ੍ਰਿਕਟ ਜਗਤ ਵਿੱਚ ਸਨਸਨੀ ਮਚਾ ਦਿੱਤੀ ਹੈ। ਉਸਨੇ ਸਿਰਫ਼ 26 ਗੇਂਦਾਂ ਵਿੱਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ। ਇਸ ਧਮਾਕੇਦਾਰ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ਵਿੱਚ 344 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿੱਚ ਸਫਲ ਰਹੀ।
ਮਾਰਕ ਚੈਪਮੈਨ ਨੇ ਸੈਂਕੜਾ ਲਗਾਇਆ
ਜਿੱਥੇ ਨੌਜਵਾਨ ਮੁਹੰਮਦ ਅੱਬਾਸ ਨੇ ਅਰਧ ਸੈਂਕੜਾ ਲਗਾਇਆ, ਉੱਥੇ ਮਾਰਕ ਚੈਪਮੈਨ ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਕੁਟਾਪਾ ਚਾੜਿਆ ਅਤੇ 132 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਡੈਰਿਲ ਮਿਸ਼ੇਲ ਨੇ 76 ਦੌੜਾਂ ਦਾ ਯੋਗਦਾਨ ਪਾਇਆ। ਇਰਫਾਨ ਖਾਨ ਪਾਕਿਸਤਾਨ ਲਈ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸਨੇ 5 ਓਵਰਾਂ ਵਿੱਚ 51 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਕਿਫ ਜਾਵੇਦ ਅਤੇ ਹੈਰਿਸ ਰਉਫ ਨੇ 2-2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਦੀ ਹੋਈ ਬੱਲੇ-ਬੱਲੇ, ਰਾਤੋ-ਰਾਤ ਬਣਿਆ ਕਰੋੜਪਤੀ, ਪੂਰੇ ਪਿੰਡ 'ਚ ਵੰਡ ਰਿਹੈ ਮਠਿਆਈ
ਵਨਡੇ ਡੈਬਿਊ ਮੈਚ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼
24- ਮੁਹੰਮਦ ਅੱਬਾਸ, ਨਿਊਜ਼ੀਲੈਂਡ ਬਨਾਮ ਪਾਕਿਸਤਾਨ (2025)
26- ਕਰੁਣਾਲ ਪੰਡਯਾ, ਭਾਰਤ ਬਨਾਮ ਇੰਗਲੈਂਡ (2021)
26- ਐਲਿਕ ਅਥਾਨਾਜ਼ੇ, ਵੈਸਟ ਇੰਡੀਜ਼ ਬਨਾਮ ਯੂਏਈ (2023)
33- ਈਸ਼ਾਨ ਕਿਸ਼ਨ, ਭਾਰਤ ਬਨਾਮ ਸ਼੍ਰੀਲੰਕਾ (2021)
35- ਜੌਨ ਮੌਰਿਸ, ਇੰਗਲੈਂਡ ਬਨਾਮ ਨਿਊਜ਼ੀਲੈਂਡ (1991)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8