ਬਾਕਸਿੰਗ ਡੇ ਟੈਸਟ ਲਈ ਸ਼ੇਨ ਵਾਰਨ ਨੇ ਇੰਗਲੈਂਡ ਦੀ ਟੀਮ ਨੂੰ ਦਿੱਤੀ ਇਹ ਸਲਾਹ
Tuesday, Dec 21, 2021 - 02:45 PM (IST)
ਸਪੋਰਟਸ ਡੈਸਕ- ਇੰਗਲੈਂਡ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਏਸ਼ੇਜ਼ ਟੈਸਟ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਮਹਿਮਾਨ ਟੀਮ ਨੂੰ ਉਮੀਦਾਂ ਕਾਇਮ ਰੱਖਣ ਲਈ ਅਗਲਾ ਮੈਚ ਜਿੱਤਣਾ ਹੋਵੇਗਾ। ਅਜਿਹੇ 'ਚ ਸਾਬਕਾ ਆਸਟਰੇਲੀਆਈ ਸਪਿਨਰ ਸ਼ੇਨ ਵਾਰਨ ਨੇ ਇੰਗਲੈਂਡ ਦੀ ਪਲੇਇੰਗ ਇਲੈਵਨ 'ਚ ਚਾਰ ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ, ਜੇਕਰ ਉਹ ਬਾਕਸਿੰਗ ਡੇ ਟੈਸਟ ਭਾਵ ਤੀਜਾ ਏਸ਼ੇਜ਼ ਟੈਸਟ ਜਿੱਤਣਾ ਚਾਹੁੰਦੇ ਹਨ। ਝਾਏ ਰਿਚਰਡਸਨ ਨੇ ਦੂਜੀ ਪਾਰੀ 'ਚ 5 ਵਿਕਟ ਝਟਕੇ ਤੇ ਆਸਟਰੇਲੀਆ ਨੇ ਦੂਜੇ ਏਸ਼ੇਜ਼ ਟੈਸਟ 'ਚ ਇੰਗਲੈਂਡ ਨੂੰ 275 ਦੌੜਾਂ ਨਾਲ ਹਰਾਇਆ।
ਇਸ ਜਿੱਤ ਦੇ ਨਾਲ ਆਸਟਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਬਾਕਸਿੰਗ ਡੇ ਟੈਸਟ 26 ਦਸੰਬਰ ਤੋਂ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) 'ਚ ਸ਼ੁਰੂ ਹੋਵੇਗਾ। ਸਪਿਨਰ ਵਾਰਨ ਨੇ ਕਿਹਾ ਕਿ ਇੰਗਲੈਂਡ ਨੂੰ ਇਸ ਹਫ਼ਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਇਕ ਸਪਿਨਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਵਾਰਨ ਨੇ ਕਿਹਾ ਕਿ ਆਸਟਰੇਲੀਆਈ ਟੀਮ ਨੂੰ ਸਖ਼ਤ ਮਿਹਨਤ ਨਾਲ ਮਿਲੀ ਜਿੱਤ ਲਈ ਵਧਾਈ। ਇੰਗਲੈਂਡ ਨੂੰ ਮੈਲਬੋਰਨ 'ਚ ਅੱਗੇ ਵਧਣ ਲਈ ਬਹੁਤ ਕੁਝ ਕਰਨਾ ਹੈ ਕਿਉਂਕਿ ਉਹ ਹੁਣ 2-0 ਨਾਲ ਪਿੱਛੇ ਹਨ। ਉਨ੍ਹਾਂ ਨੂੰ ਹਾਲਾਤ ਮੁਤਾਬਕ ਸਪਿਨਰ ਸਮੇਤ ਸਹੀ ਟੀਮ ਚੁਣ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ। ਕ੍ਰਾਲੀ ਵੁੱਡ, ਬੇਅਰਸਟੋਅ ਤੇ ਲੀਚ ਮੇਰੀ ਟੀਮ 'ਚ ਹੋਣਗੇ।