ਇਸ ਭਾਰਤੀ ਮਹਿਲਾ ਗੇਂਦਬਾਜ਼ ਨੇ ਕੀਤਾ ਕਮਾਲ, 10 ਬੱਲੇਬਾਜ਼ਾਂ ਨੂੰ ਇਕੱਲਿਆਂ ਭੇਜਿਆ ਪਵੇਲੀਅਨ

02/25/2020 5:42:02 PM

ਨਵੀਂ ਦਿੱਲੀ : ਮਹਿਲਾ ਅੰਡਰ-19 ਵਨ ਡੇ ਟੂਰਨਾਮੈਂਟ ਵਿਚ ਕੇ. ਐੱਸ. ਆਰ. ਐੱਮ. ਕਾਲਜ ਗਰਾਊਂਡ ਵਿਚ ਖੇਡੇ ਗਏ ਮੈਚ ਵਿਚ ਚੰਡੀਗੜ੍ਹ ਅੰਡਰ-19 ਟੀਮ ਦੀ ਗੇਂਦਬਾਜ਼ ਕਾਸ਼ਵੀ ਗੌਤਮ ਨੇ ਕਮਾਲ ਕਰਦਿਆਂ ਅਰੁਣਾਚਲ ਪ੍ਰਦੇਸ਼ ਖਿਲਾਫ 4.5 ਓਵਰਾਂ ਦੀ ਗੇਂਦਬਾਜ਼ੀ ਦੌਰਾਨ ਪਰਫੈਕਟ 10 ਵਿਕਟਾਂ ਲੈਣ ਦਾ ਕਮਾਲ ਕਰ ਦਿਖਾਇਆ। ਗੇਂਦਬਾਜ਼ੀ ਦੇ ਨਾਲ-ਨਾਲ ਕਾਸ਼ਵੀ ਗੌਤਮ ਨੇ ਬੱਲੇਬਾਜ਼ੀ ਵਿਚ ਵੀ ਕਮਾਲ ਕਰ ਕੇ ਦਿਖਾਇਆ ਅਤੇ 68 ਗੇਂਦਾਂ 'ਤੇ 49 ਦੌੜਾਂ ਦੀ ਪਾਰੀ ਖੇਡੀ।

ਬੀ. ਸੀ. ਸੀ. ਆਈ. ਨੇ ਕਾਸ਼ਵੀ ਗੌਤਮ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਨੂੰ ਲੈ ਕੇ ਟਵੀਟ ਵੀ ਕੀਤਾ। ਦੱਸ ਦਈਏ ਕਿ ਇਸ ਮੈਚ ਵਿਚ ਚੰਡੀਗੜ੍ਹ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿਚ 4 ਵਿਕਟਾਂ 'ਤੇ 186 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਅਰੁਣਾਚਲ ਪ੍ਰਦੇਸ਼ ਦੀ ਪੂਰੀ ਟੀਮ ਸਿਰਫ 25 ਦੌੜਾਂ 'ਤੇ ਆਲਆਊਟ ਹੋ ਗਈ। ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਚੰਡੀਗੜ੍ਹ ਮਹਿਲਾ ਅੰਡਰ-19 ਟੀਮ 161 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਜਿੱਤਣ ਵਿਚ ਸਫਲ ਰਹੀ। ਅਰੁਣਚਾਲ ਪ੍ਰਦੇਸ਼ ਦੇ 8 ਬੱਲੇਬਾਜ਼ ਆਪਣੀ ਬੱਲੇਬਾਜ਼ੀ ਦੌਰਾਨ ਖਾਤਾ ਵੀ ਨਹੀਂ ਖੋਲ ਸਕੇ। ਕਾਸ਼ਵੀ ਗੌਤਮ ਨੇ 10 ਵਿਕਟਾਂ ਇਕੱਲੇ ਲੈ ਕੇ ਇਕ ਵਾਰ ਫਿਰ ਹਰ ਕਿਸੇ ਨੂੰ ਮਹਾਨ ਗੇਂਦਬਾਜ਼ ਅਨਿਲ ਕੁੰਬਲੇ ਅਤੇ ਜਿਮ ਲੇਕਰ ਦੀ ਯਾਦ ਦਿਵਾ ਦਿੱਤੀ।


Related News