ਲੰਡਨ ਕਲਾਸਿਕ ਸ਼ਤਰੰਜ ਦਾ ਤੀਜਾ ਰਾਊਂਡ ਵੀ ਡਰਾਅ

Wednesday, Dec 06, 2017 - 03:54 AM (IST)

ਲੰਡਨ ਕਲਾਸਿਕ ਸ਼ਤਰੰਜ ਦਾ ਤੀਜਾ ਰਾਊਂਡ ਵੀ ਡਰਾਅ

ਲੰਡਨ- ਲੰਡਨ ਕਲਾਸਿਕ ਸ਼ਤਰੰਜ ਦਾ ਤੀਜਾ ਰਾਊਂਡ ਉਂਝ ਤਾਂ ਬਹੁਤ ਹੀ ਰੋਮਾਂਚਕ ਰਿਹਾ ਪਰ ਇਕ ਵਾਰ ਫਿਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਉਂਝ ਇਹ ਪਿਛਲੇ ਕਾਫੀ ਸਮੇਂ ਵਿਚ ਅਜਿਹਾ ਕੋਈ ਟੂਰਨਾਮੈਂਟ ਹੈ, ਜਿਸ ਵਿਚ ਵਿਸ਼ਵ ਦੇ ਟਾਪ-10 ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ 3 ਰਾਊਂਡਜ਼ ਤੋਂ ਬਾਅਦ ਕਿਸੇ ਵੀ ਬਾਜ਼ੀ ਦਾ ਨਤੀਜਾ ਸਾਹਮਣੇ ਨਹੀਂ ਆਇਆ ਹੈ। ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਸਾਹਮਣੇ ਤਿੰਨ ਵਾਰ ਦਾ ਤੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸੀ ਪਰ ਦੋਵਾਂ ਵਿਚੋਂ ਕੋਈ ਵੀ ਜਿੱਤ ਦਰਜ ਨਹੀਂ ਕਰ ਸਕਿਆ ਤੇ ਮੈਚ ਬਰਾਬਰੀ 'ਤੇ ਖਤਮ ਹੋਇਆ। ਕੈਟਲਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ ਕਾਲੇ ਮੋਹਰਿਆਂ ਨਾਲ ਖੇਡ ਰਿਹਾ ਸੀ। ਪਹਿਲਾਂ ਤਾਂ ਕਾਰਲਸਨ ਨੇ ਆਪਣੇ ਮੋਹਰਿਆਂ ਦੀ ਸਥਿਤੀ ਨਾਲ ਖੇਡ ਵਿਚ ਬੜ੍ਹਤ ਬਣਾਉਣ ਦੇ ਟੀਚੇ ਨਾਲ ਇਕ ਵਾਧੂ ਪਿਆਦਾ ਆਨੰਦ ਨੂੰ ਦੇ ਦਿੱਤਾ ਤੇ ਫਿਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਆਨੰਦ ਨੇ ਉਸ ਦੇ ਚੰਗੇ ਰਹੇ ਮੋਹਰਿਆਂ ਨੂੰ ਖੇਡ ਤੋਂ ਬਾਹਰ ਕਰ ਦਿੱਤਾ। ਖੇਡ ਦੀ 21ਵੀਂ ਚਾਲ ਵਿਚ ਜਦੋਂ ਆਨੰਦ ਆਪਣਾ ਵਾਧੂ ਪਿਆਦਾ ਬਚਾ ਸਕਦਾ ਸੀ ਤੇ ਦਬਾਅ ਪਾ ਸਕਦਾ ਸੀ ਤਾਂ ਉਸ ਨੇ ਗਲਤੀ ਕਰਦੇ ਹੋਏ ਪਿਆਦਾ ਮਰਵਾ ਲਿਆ ਤੇ ਇਸ ਤੋਂ ਬਾਅਦ ਮੈਚ ਸਿਰਫ 31 ਚਾਲਾਂ ਵਿਚ ਹੀ ਡਰਾਅ ਹੋ ਗਿਆ। 
ਹੋਰਨਾਂ ਮੈਚਾਂ ਵਿਚ ਅਰਮੀਨੀਆ ਦੇ ਲੇਵਾਨ ਆਰੋਨੀਅਨ ਨੇ ਰੂਸ ਦੇ ਸੇਰਜੀ ਕਰਜ਼ਾਕਿਨ ਨਾਲ, ਰੂਸ ਦੇ ਇਯਾਨ ਨੇਪੋਮਨਿਆਚੀ ਨੇ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨਾਲ, ਮਾਈਕਲ ਐਡਮਸ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਅਤੇ ਅਮਰੀਕਾ ਦੇ ਵੇਸਲੀ ਸੋ ਨੇ ਹਮਵਤਨ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ।


Related News