IPL 2019 ਦੇ ਇਹ 5 ਸੁਪਰਸਟਾਰ ਭਾਰਤੀ ਕ੍ਰਿਕਟ ਦੇ ਹੋ ਸਕਦੇ ਹਨ ਭਵਿੱਖ
Friday, May 10, 2019 - 02:11 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਦੇ ਹਰ ਸੀਜ਼ਨ ਦੇ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਰਹਿੰਦੀ ਹੈ ਕਿ ਇਨ੍ਹਾਂ ਵਿਚੋਂ ਅਜਿਹੇ ਭਾਰਤੀ ਸਟਾਰ ਕ੍ਰਿਕਟਰ ਨਿਕਲਣ ਜੋ ਭਵਿੱਖ ਵਿਚ ਭਾਰਤੀ ਟੀਮ ਦਾ ਨਾਂ ਉੱਚਾ ਕਰ ਸਕਣ। ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਆਈ. ਪੀ. ਐੱਲ. ਦੀ ਹੀ ਦੇਣ ਹਨ। ਇਨ੍ਹਾਂ ਨੇ ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕ੍ਰਿਕਟ ਪ੍ਰਸ਼ੰਸਕਾਂ ਦਾ ਦਿੱਲ ਜਿੱਤਣ ਦੇ ਨਾਲ ਰਾਸ਼ਟਰੀ ਟੀਮ ਵਿਚ ਵੀ ਧਮਾਕੇਦਾਰ ਪ੍ਰਦਰਸ਼ਨ ਕਰ ਸੁਰਖੀਆਂ ਬਟੋਰੀਆਂ। ਆਓ ਚਾਨਣਾ ਪਾਉਂਦੇ ਹਾਂ ਕਿ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਵਿਚ ਅਜਿਹੇ ਕਿੰਨੇ ਕ੍ਰਿਕਟਰ ਉੱਭਰ ਆਏ ਹਨ ਜੋ ਭਾਰਤੀ ਟੀਮ ਦਾ ਭਵਿੱਖ ਹੋ ਸਕਦੇ ਹਨ।
ਸ਼ੁਭਮਨ ਗਿੱਲ
2018 ਵਿਚ ਹੋਏ ਅੰਡਰ-19 ਵਿਸ਼ਵ ਕੱਪ ਵਿਚ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸੀ। ਉਹ ਪਿੱਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡੇ ਸੀ ਪਰ ਉਸ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਸਕੇ। ਇਸ ਸੀਜ਼ਨ ਵਿਚ ਸ਼ੁਭਮਨ ਗਿੱਲ ਨੂੰ 4 ਵਾਰ ਓਪਨਿੰਗ ਕਰਾਈ ਗਈ ਦਿਲਚਸਪ ਗੱਲ ਇਹ ਸੀ ਕਿ ਉਸਨੇ ਇਨ੍ਹਾਂ ਵਿਚੋਂ 3 ਪਾਰੀਆਂ ਵਿਚ ਅਰਧ ਸੈਂਕੜਾ ਲਗਾ ਦਿੱਤਾ। ਸ਼ੁਭਮਨ ਗਿੱਲ ਨੇ ਸੀਜ਼ਨ ਦੀ ਕੁਲ 13 ਪਾਰੀਆਂ ਵਿਚ 32.89 ਦੀ ਔਸਤ ਨਾਲ 286 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 124.37 ਰਿਹਾ ਜੋ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਰਿਆਨ ਪਰਾਗ
ਅਸਮ ਦੇ ਰਹਿਣ ਵਾਲੇ 17 ਸਾਲਾ ਰਿਆਨ ਪਰਾਗ ਨੇ ਇਸ ਸੀਜ਼ਨ ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦਿਆਂ ਸਭ ਨੂੰ ਪ੍ਰਭਾਵਿਤ ਕੀਤਾ। ਰਿਆਨ ਪਰਾਗ ਨੇ ਹਾਲਾਂਕਿ ਚੇਨਈ ਵੱਲੋਂ ਪਿਛਲੇ ਸਾਲ ਡੈਬਿਯੂ ਕੀਤਾ ਸੀ ਪਰ ਇਸ ਸੀਜ਼ਨ ਵਿਚ ਉਸਨੇ ਆਈ. ਪੀ. ਐੱਲ. ਦੇ ਇਤਿਹਾਸ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਕ੍ਰਿਕਟਰ ਬਣਨ ਦਾ ਮਾਣ ਹਾਸਲ ਕੀਤਾ। ਰਿਆਨ ਨੇ ਸੀਜ਼ਨ ਦੇ 7 ਮੈਚਾਂ ਵਿਚ 32 ਦੀ ਔਸਤ ਨਾਲ 160 ਦੌੜਾਂ ਬਣਾਈਆਂ। ਸਟ੍ਰਾਈਕ ਰੇਟ 123.0 ਤਾਂ ਸਭ ਤੋਂ ਵੱਧ ਦੌੜਾਂ 50 ਰਹੀਆਂ। ਰਿਆਨ ਨੇ ਸੀਜ਼ਨ ਵਿਚ 2 ਵਿਕਟਾਂ ਵੀ ਹਾਸਲ ਕੀਤੀਆਂ।
ਰਾਹੁਲ ਚਾਹਰ
2017 ਵਿਚ ਰਾਹੁਲ ਚਾਹਰ ਨੇ ਰਾਈਜ਼ਿੰਗ ਪੁਣੇ ਸੁਪਰਜਾਈਂਟਸ ਦੇ ਨਾਲ ਡੈਬਿਯੂ ਕੀਤਾ ਸੀ। ਪਿਛਲੇ ਸਾਲ ਉਹ ਮੁੰਬਈ ਇੰਡੀਅਨਜ਼ ਦੀ ਟੀਮ ਵਿਚ ਚਲੇ ਗਏ ਪਰ ਉਸਦਾ ਸਿਤਾਰਾ ਇਸ ਸੀਜ਼ਨ ਵਿਚ ਚਮਕਿਆ। ਇਸ ਸੀਜ਼ਨ ਦੇ 12 ਮੈਚਾਂ ਵਿਚ ਰਾਹੁਲ ਨੇ 12 ਵਿਕਟਾਂ ਹਾਸਲ ਕੀਤੀਆਂ। ਖਾਸ ਗੱਲ ਇਹ ਹੈ ਕਿ ਉਸ ਨੇ ਅਜਿਹੇ ਮੌਕਿਆਂ 'ਤੇ ਵਿਕਟਾਂ ਕੱਢੀਆਂ ਜਦੋਂ ਟੀਮ ਨੂੰ ਜ਼ਰੂਰਤ ਸੀ।
ਨਵਦੀਪ ਸੈਣੀ
ਆਰ. ਸੀ. ਬੀ. ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਸੀਜ਼ਨ ਵਿਚ 153 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਾਂ ਸੁੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸੈਣੀ ਨੇ ਸੀਜ਼ਨ ਦੇ 13 ਮੈਚਾਂ ਵਿਚ 36 ਦੀ ਔਸਤ ਨਾਲ 11 ਵਿਕਟਾਂ ਹਾਸਲ ਕੀਤੀਆਂ। ਉਹ ਸੀਜ਼ਨ ਵਿਚ 8.27 ਦੀ ਔਸਤ ਨਾਲ ਮਹਿੰਗੇ ਜਰੂਰ ਸਾਬਤ ਹੋਏ ਪਰ ਜਿਵੇਂ ਜਿਵੇਂ ਉਹ ਖੇਡਦੇ ਗਏ ਉਸਦੇ ਪ੍ਰਦਰਸ਼ਨ ਵਿਚ ਸੁਧਾਰ ਆਉਂਦਾ ਰਿਹਾ। ਸੈਣੀ ਉਸਦੀ ਕਾਬਲੀਅਤ ਕਾਰਨ ਵਿਸ਼ਵ ਕੱਪ ਲਈ ਭਾਰਤੀ ਟੀਮ ਲਈ ਸਟੈਂਡਬਾਏ ਰੱਖਿਆ ਗਿਆ ਹੈ।
ਸ਼੍ਰੇਅਸ ਗੋਪਾਲ
ਰਾਜਸਥਾਨ ਲਈ ਇਕ ਪਾਸੇ ਰਿਆਨ ਪਰਾਗ ਤਾਂ ਦੂਜੇ ਪਾਸੇ ਸ਼੍ਰੇਅਸ ਗੋਪਾਲ ਸੀਜ਼ਨ ਦੇ ਤਾਰੇ ਦੀ ਤਰ੍ਹਾਂ ਚਮਕੇ। ਸ਼੍ਰੇਅਸ ਨੂੰ ਅਜੇ ਤੱਕ ਇੰਟਰਨੈਸ਼ਨਲ ਕ੍ਰਿਕਟ ਟੀਮ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਆਈ. ਪੀ. ਐੱਲ. ਸੀਜ਼ਨ ਵਿਚ ਉਸਨੇ ਜਿਵੇਂ ਸਮਝਦਾਰੀ ਦਿਖਾਈ ਯਕੀਨੀ ਤੌਰ 'ਤੇ ਉਹ ਭਾਰਤੀ ਟੀਮ ਵਿਚ ਜਗ੍ਹਾ ਪਾਉਣ ਦੇ ਹੱਕਦਾਰ ਹਨ। ਸ਼੍ਰੇਅਸ ਨੇ ਇਸ ਸੀਜ਼ਨ ਵਿਚ 20 ਵਿਕਟਾਂ ਹਾਸਲ ਕੀਤੀਆਂ। ਖਾਸ ਗੱਲ ਇਹ ਰਹੀ ਕਿ 2 ਵਾਰ ਉਹ ਕੋਹਲੀ ਅਤੇ ਡਿਵਿਲੀਅਰਜ਼ ਵਰਗੇ ਧਾਕੜ ਖਿਡਾਰੀਆਂ ਨੂੰ 1 ਹੀ ਓਵਰ ਵਿਚ ਆਊਟ ਕਰਨ 'ਚ ਸਫਲ ਰਹੇ।