IPL ''ਚ ਵੀ ਹੈ ਨਸਲਵਾਦ, ਮੈਨੂੰ ਤੇ ਪਰੇਰਾ ਨੂੰ ''ਕਾਲੂ'' ਬੁਲਾਉਂਦੇ ਸਨ : ਡੈਰੇਨ ਸੈਮੀ
Sunday, Jun 07, 2020 - 12:41 PM (IST)
ਕਿੰਗਸਟਨ : ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਦੋਸ਼ ਲਾਇਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦਿਆਂ ਉਹ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਏ ਸਨ। ਸੈਮੀ ਨੇ ਇਹ ਦੋਸ਼ ਅਮਰੀਕਾ ਵਿਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਦੁਨੀਆ ਭਰ ਵਿਚ ਚਲ ਰਹੇ 'ਬਲੈਕ ਮੈਟਰ' ਮੁਹਿੰਮ ਦੇ ਮੁਖਰ ਸਮਰਥਨ ਤੋਂ ਬਾਅਦ ਲਾਇਆ ਹੈ।
ਸੈਮੀ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਲਿਖਿਆ, ''ਮੈਨੂੰ ਹੁਣ ਪਤਾ ਚੱਲਿਆ ਹੈ ਕਿ 'ਕਾਲੂ' ਦਾ ਮਤਲਬ ਕੀ ਹੁੰਦਾ ਹੈ। ਜਦੋਂ ਮੈਂ ਆਈ. ਪੀ. ਐੱਲ. ਵਿਚ ਸਨਰਾਈਜ਼ਰਸ ਲਈ ਖੇਡਦਾ ਸੀ ਤਾਂ ਉਹ ਮੈਨੂੰ ਅਤੇ (ਤਿਸਾਰਾ) ਪਰੇਰਾ ਨੂੰ ਇਸ ਨਾਂ ਨਾਲ ਬਲਾਉਂਦੇ ਸਨ। ਮੈਨੂੰ ਲਗਦਾ ਸੀ ਕਿ ਇਸ ਦਾ ਮਤਲਬ ਮਜ਼ਬੂਤ ਵਿਅਕਤੀ ਹੈ। ਮੇਰੀ ਪਿਛਲੀ ਪੋਸਟ ਤੋਂ ਮੈਨੂੰ ਇਹ ਗੱਲ ਪਤਾ ਲੱਗੀ ਤੇ ਮੈਂ ਹੁਣ ਗੁੱਸੇ ਵਿਚ ਹਾਂ।''
ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਦੇ ਖਿਲਾਫ ਇਹ ਟਿੱਪਣੀ ਕਿਸਨੇ ਅਤੇ ਕਦੋ ਕੀਤੀ ਗਈ ਸੀ। ਸੈਮੀ ਨੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਤੋਂ ਨਸਲਵਾਦ ਖਿਲਾਫ਼ ਸਖਤ ਕਦਮ ਚੁੱਕਣ ਲਈ ਬੇਨਤੀ ਕੀਤੀ ਹੈ। ਉਸ ਨੇ ਪਿਛਲੇ ਟਵੀਟ ਵਿਚ ਕਿਹਾ ਸੀ ਕਿ ਆਈ. ਸੀ. ਸੀ. ਤੇ ਹੋਰ ਬੋਰਡ ਕੀ ਤੁਹਾਨੂੰ ਦਿਸ ਰਿਹਾ ਹੈ ਕਿ ਮੇਰੇ ਵਰਗੇ ਲੋਕਾਂ ਨਾਲ ਕੀ ਹੋ ਰਿਹਾ ਹੈ। ਕੀ ਤੁਸੀਂ ਮੇਰੇ ਵਰਗੇ ਲੋਕਾਂ ਨਾਲ ਹੋ ਰਹੇ ਸਮਾਜਿਕ ਅਨਿਆਏ ਖਿਲਾਫ਼ ਨਹੀਂ ਬੋਲ ਸਕਦੇ। ਇਹ ਸਿਰਫ ਅਮਰੀਕਾ ਨਾਲ ਜੁੜਿਆ ਮਾਮਲਾ ਨਹੀਂ ਹੈ। ਦੱਸ ਦਈਏ ਕਿ ਅਮਰੀਕਾ ਦੇ ਮਿਨਿਯਾਪੋਲਿਸ ਵਿਚ 25 ਮਈ ਨੂੰ 46 ਸਾਲਾ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਡੈਰੇਕ ਚੌਵਿਨ ਵੱਲੋਂ ਲੱਗਭਗ 9 ਮਿੰਟ ਤਕ ਗਲ਼ਾ ਦੱਬਣ ਕਾਰਨ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਅਮਰੀਕਾ ਵਿਚ 'ਬਲੈਕ ਲਾਈਵਸ ਮੈਟਰ' ਦੀ ਮੁਹਿੰਮ ਜ਼ੋਰਾਂ 'ਤੇ ਹੈ।