ਕਾਂਸੀ ਨੂੰ ਚਾਂਦੀ ''ਚ ਬਦਲਣ ਦੀ ਖੁਸ਼ੀ ਹੈ : ਬਜਰੰਗ
Wednesday, Oct 24, 2018 - 12:47 AM (IST)

ਬੁਡਾਪੇਸਟ— ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ 65 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੇ ਪਿਛਲੇ ਕਾਂਸੀ ਤਮਗੇ ਦਾ ਰੰਗ ਇਸ ਵਾਰ ਚਾਂਦੀ ਵਿਚ ਬਦਲਣ ਵਿਚ ਕਾਮਯਾਬ ਰਿਹਾ।
24 ਸਾਲਾ ਬਜਰੰਗ ਨੇ ਕਿਹਾ, ''ਮੈਂ ਸੋਨੇ ਦੇ ਨੇੜੇ ਪਹੁੰਚ ਕੇ ਵੀ ਖੁੰਝ ਗਿਆ। ਫਾਈਨਲ ਵਿਚ ਪਹੁੰਚਣ ਤੋਂ ਬਾਅਦ ਮੈਨੂੰ ਸੋਨਾ ਜਿੱਤਣ ਦੀ ਉਮੀਦ ਸੀ ਪਰ ਮੈਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਹਾਲਾਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਪੰਜ ਸਾਲ ਪਹਿਲਾਂ ਇਥੇ ਕੀਤੇ ਗਏ ਪ੍ਰਦਰਸ਼ਨ ਤੋਂ ਇਸ ਵਾਰ ਬਿਹਤਰ ਕੀਤਾ।''
ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਬਜਰੰਗ ਨੂੰ ਸੋਮਵਾਰ ਖੇਡੇ ਗਏ ਫਾਈਨਲ 'ਚ ਮੌਜੂਦਾ ਕੈਡੇਟ ਵਿਸ਼ਵ ਚੈਂਪੀਅਨ ਜਾਪਾਨ ਦੇ ਤਾਕੁਤੋ ਓਤੋਗੂਰੋ ਤੋਂ ਸਖਤ ਸੰਘਰਸ਼ 'ਚ 9-16 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਭਾਰਤੀ ਪਹਿਲਵਾਨ ਨੇ ਇਸ ਤਰ੍ਹਾਂ ਇਕ ਸਾਲ ਵਿਚ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਸੋਨਾ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਜਿੱਤਣ ਦਾ ਇਤਿਹਾਸ ਬਣਾ ਦਿੱਤਾ।