ਮੀਰਾਬਾਈ ਚਾਨੂ ਦੀ ਮਿਹਨਤ ਦੀ ਕਹਾਣੀ, ਮਾਂ ਨੇ ਦੱਸਿਆ ਕਿਹੜੇ ਹਲਾਤਾਂ ਨਾਲ ਲੜ ਕੇ ਚਾਨੂ ਬਣੀ ਗੋਲਡ ਮੈਡਲਿਸਟ

Monday, Aug 08, 2022 - 06:55 PM (IST)

ਸਪੋਰਟਸ ਡੈਸਕ : ਬਰਮਿੰਘਮ ਕਾਮਨਵੈਲਥ ਗੇਮਾਂ ਵਿਚ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। ਇਨ੍ਹਾਂ ਖੇਡਾਂ ਵਿਚ ਇਹ ਭਾਰਤ ਦਾ ਪਹਿਲਾ ਮੈਡਲ ਸੀ। ਚਾਨੂ ਦੀ ਮਾਂ ਸੇਖੋਮ ਟੋਂਬੀ ਨੇ ਦੱਸਿਆ ਕਿ ਜਦੋਂ ਚਾਨੂ 10-12 ਸਾਲਾਂ ਦੀ ਸੀ ਤਾਂ ਉਹ ਅਖ਼ਬਾਰ ਵਿਚ ਕੰਜੂਰਾਨੀ ਦੀ ਤਸਵੀਰ ਦੇਖ ਕੇ ਕਿਹਾ ਕਰਦੀ ਸੀ ਕਿ ਉਹ ਇਸ ਤਰ੍ਹਾਂ ਦੀ ਬਣਨਾ ਚਾਹੁੰਦੀ ਹੈ। ਹਾਲਾਂਕਿ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਕੰਜੂਰਾਨੀ ਕੌਣ ਹੈ ਅਤੇ ਉਹ ਕੀ ਕਰਦੀ ਹੈ। 64 ਸਾਲਾਂ ਦੀ ਸੇਖੋਮ ਸਿਰਫ਼ ਮਣੀਪੁਰ ਭਾਸ਼ਾ ਵਿਚ ਗੱਲ ਕਰਦੀ ਹੈ। ਉਨ੍ਹਾਂ ਨੂੰ ਹਿੰਦੀ ਜਾਂ ਕੋਈ ਹੋਰ ਭਾਸ਼ਾ ਨਹੀਂ ਅਉਂਦੀ। ਇਸ ਕਾਰਨ ਇਕ ਸਥਾਨਕ ਪੱਤਰਕਾਰ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਸੇਖੋਮ ਨੇ ਦੱਸਿਆ ਕਿ "ਉਸਦੀ ਖੇਡਾਂ ਵਿਚ ਪਹਿਲਾਂ ਤੋਂ ਹੀ ਰੁਚੀ ਸੀ ਫਿਰ ਹੌਲੀ-ਹੌਲੀ ਉਸ ਨੂੰ ਵੇਟਲਿਫਟਿੰਗ ਬਾਰੇ ਪਤਾ ਲੱਗਾ । ਜਦੋਂ ਉਹ 8ਵੀਂ ਜਮਾਤ ਵਿਚ ਪਹੁੰਚੀ ਤਾਂ ਉਸ ਨੇ 100 ਰੁਪਏ ਮੰਗੇ ਅਤੇ ਲੈ ਕੇ ਇੰਮਫਾਲ ਦੇ ਸਪੋਰਸਟਸ ਕੰਪਲੈਕਸ ਚਲੀ ਗਈ। ਉੱਥੇ ਉਸ ਨੇ ਵੇਟ ਲਿਫਟਿੰਗ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਉਸ ਦੀ ਟ੍ਰੇਨਿੰਗ ਸਵੇਰੇ 6 ਵਜੇ ਸ਼ੁਰੂ ਹੁੰਦੀ ਸੀ ਇਸ ਲਈ ਉਹ ਘਰ ਤੋਂ ਸਵੇਰੇ 4.30 ਵਜੇ ਨਿਕਲ ਜਾਂਦੀ ਸੀ। ਟ੍ਰੇਨਿੰਗ ਤੋਂ 10 ਵਜੇ ਵਾਪਸ ਆ ਕੇ ਉਹ ਸਕੂਲ ਚਲੀ ਜਾਂਦੀ। 2009 ਵਿਚ ਉਸਨੇ ਮਣੀਪੁਰ ਤੋਂ ਬਾਹਰ ਖੇਡਣ ਲਈ ਜਾਣਾ ਸ਼ੁਰੂ ਕਰ ਦਿੱਤਾ। 2007 ਵਿਚ ਕੋਚ ਮੀਰਾਬਾਈ ਨੇ ਉਸ ਨੂੰ ਪ੍ਰੋਟੀਨ ਯੁਕਤ ਡਾਈਟ ਲੈਣ ਲਈ ਕਿਹਾ ਪਰ ਘਰ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਰਕੇ ਉਹ ਉਸ ਨੂੰ ਨਾ ਦੇ ਸਕੇ। ਘਰ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਰਕੇ ਮੀਰਾਬਾਈ ਨੇ ਰੋਜ਼ਾਨਾ ਆਂਡੇ ਖਾਣੇ ਸ਼ੁਰੂ ਕਰ ਦਿੱਤੇ ਸਨ ਪਰ ਕੇਲੇ ਅਤੇ ਦੁੱਧ ਹਫਤੇ ਵਿਚ ਸਿਰਫ਼ 1 ਦਿਨ ਹੀ ਦਿੱਤਾ ਜਾਂਦਾ ਸੀ। ਸੇਖੋਮ ਨੇ ਦੱਸਿਆ ਕਿ ਉਸ ਦੀ ਧੀ ਦਾ ਸੁਪਨਾ ਆਪਣੇ ਇਲਾਕੇ ਵਿਚ ਸਪੋਰਟਸ ਅਕੈਡਮੀ ਖੋਲ੍ਹਣ ਦਾ ਹੈ। ਉਹ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਟ੍ਰੇਨਿੰਗ ਦੇਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਆਉਂਦੀ ਹੈ ਤਾਂ ਪਿੰਡ ਦੇ ਬੱਚਿਆਂ ਨੂੰ ਖੇਡਾਂ ਵਿਚ ਭਵਿੱਖ ਬਣਾਉਣ ਦੀ ਪ੍ਰੇਰਣਾ ਦਿੰਦੀ ਹੈ, ਜਿਸ ਨੂੰ ਵੇਖਦੇ ਹੋਏ ਪਿੰਡ ਵਾਲਿਆਂ ਨੇ ਜਿਮ ਖੋਲ੍ਹਣ ਲਈ ਜ਼ਮੀਨ ਵੀ ਦਿੱਤੀ ਹੈ। ਮਸ਼ੀਨਾਂ ਦੇਣ ਦੀ ਘੋਸ਼ਣਾ ਸੈਨਾ ਦੁਆਰਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ-2022 ਵਿਚ ਸ਼ਨੀਵਾਰ ਨੂੰ 49 ਕਿ. ਗ੍ਰਾ. ਭਾਰ ਵਰਗ  ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਸੀ।


Manoj

Content Editor

Related News