ਵਿੰਡੀਜ਼ ਪਾਰੀ ਦੀ ਹਾਰ ਦੇ ਸੰਕਟ 'ਚ, ਨਿਊਜ਼ੀਲੈਂਡ ਕਲੀਨ ਸਵੀਪ ਦੇ ਕੰਢੇ
Sunday, Dec 13, 2020 - 10:28 PM (IST)
ਵੇਲਿੰਗਟਨ– ਵੈਸਟਇੰਡੀਜ਼ ਨੂੰ ਨਿਊਜ਼ੀਲੈਂਡ ਵਿਰੁੱਧ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ ਤੇ ਦੂਜੀ ਪਾਰੀ ਵਿਚ ਉਹ ਆਪਣੀਆਂ 6 ਵਿਕਟਾਂ 244 ਦੌੜਾਂ 'ਤੇ ਗੁਆ ਕੇ ਪਾਰੀ ਦੀ ਹਾਰ ਦੇ ਸੰਕਟ ਵਿਚ ਫਸ ਗਿਆ ਹੈ।
ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 460 ਦੌੜਾਂ ਬਣਾਈਆਂ ਸਨ। ਵਿੰਡੀਜ਼ ਨੇ ਤੀਜੇ ਦਿਨ 8 ਵਿਕਟਾਂ 'ਤੇ 124 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ ਸਿਰਫ 131 ਦੌੜਾਂ 'ਤੇ ਢੇਰ ਹੋ ਗਈ। ਵੈਸਟਇੰਡੀਜ਼ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ। ਵੈਸਟਇੰਡੀਜ਼ ਨੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ 6 ਵਿਕਟਾਂ 244 ਦੌੜਾਂ 'ਤੇ ਗੁਆ ਦਿੱਤੀਆਂ ਹਨ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ ਵੀ 85 ਦੌੜਾਂ ਦੀ ਲੋੜ ਹੈ।
ਨਿਊਜ਼ੀਲੈਂਡ ਨੂੰ ਪਾਰੀ ਨਾਲ ਜਿੱਤ ਹਾਸਲ ਕਰਨ ਤੇ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕਰਨ ਲਈ ਸਿਰਫ 4 ਵਿਕਟਾਂ ਦੀ ਲੋੜ ਹੈ। ਕੀਵੀ ਟੀਮ ਜੇਕਰ ਇਹ ਮੈਚ ਜਿੱਤਣ ਵਿਚ ਸਫਲ ਹੁੰਦੀ ਹੈ ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਮੌਜੂਦ ਇੰਗਲੈਂਡ ਤੋਂ ਮਾਮੂਲੀ ਰੂਪ ਨਾਲ ਅੱਗੇ ਵਧ ਜਾਵੇਗੀ ਤੇ ਉਸਦੀ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਵਧ ਜਾਣਗੀਆਂ। ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ ਪਾਰੀ ਤੇ 134 ਦੌੜਾਂ ਨਾਲ ਹਰਾ ਕੇ ਵਿੰਡੀਜ਼ ਵਿਰੁੱਧ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ।
ਸਵੇਰੇ ਵਿਕਟਕੀਪਰ ਜੋਸ਼ੂਆ ਡੀ ਸਿਲਵਾ ਨੇ 2 ਤੇ ਕੇਮਾਰ ਹੋਲਡਰ ਨੇ 5 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਵੈਸਟਇੰਡੀਜ਼ ਦੀ ਪਹਿਲੀ ਪਾਰੀ 7 ਦੌੜਾਂ ਦਾ ਵਾਧਾ ਕਰਨ ਤੋਂ ਬਾਅਦ 131 ਦੌੜਾਂ 'ਤੇ ਢੇਰ ਹੋ ਗਈ। ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਸਵੇਰੇ ਦੋਵੇਂ ਵਿਕਟਾਂ ਲਈਆਂ। ਡੀ ਸਿਲਵਾ 3 ਤੇ ਸ਼ੈਨਨ ਗੈਬ੍ਰੀਏਲ 2 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕੇਮਾਰ 8 ਦੌੜਾਂ ਬਣਾ ਕੇ ਅਜੇਤੂ ਰਿਹਾ। ਸਾਊਥੀ ਨੇ 32 ਦੌੜਾਂ 'ਤੇ 5 ਵਿਕਟਾਂ ਤੇ ਕਾਇਲ ਜੈਮਿਸਨ ਨੇ 34 ਦੌੜਾਂ 'ਤੇ 5 ਵਿਕਟਾਂ ਲਈਆਂ।
ਵੈਸਟਇੰਡੀਜ਼ ਨੇ ਦੂਜੀ ਪਾਰੀ ਵਿਚ ਬਿਹਤਰ ਸੰਘਰਸ਼ ਕੀਤਾ ਤੇ ਉਹ ਪਾਰੀ ਦੀ ਹਾਰ ਟਾਲਣ ਲਈ ਸੰਘਰਸ਼ ਕਰ ਰਹੀ ਹੈ। ਸਲਾਮੀ ਬੱਲੇਬਾਜ਼ ਕ੍ਰੇਗ ਬ੍ਰੈਥਵੇਟ ਨੇ 42 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 24 ਦੌੜਾਂ, ਜਾਨ ਕੈਂਪਬੇਲ ਨੇ 109 ਗੇਂਦਾਂ ਵਿਚ 8 ਚੌਕਿਆਂ ਦੇ ਸਹਾਰੇ 62 ਦੌੜਾਂ, ਸ਼ਾਮਰਹ ਬਰੂਕਸ ਨੇ 72 ਗੇਂਦਾਂ ਵਿਚ 4 ਚੌਕਿਆਂ ਤੇ 1 ਛੱਕੇ ਦੇ ਸਹਾਰੇ 36 ਦੌੜਾਂ ਤੇ ਜਰਮਨ ਬਲੈਕਵੁਡ ਨੇ 33 ਗੇਂਦਾਂ ਵਿਚ 20 ਦੌੜਾਂ ਬਣਾਈਆਂ।
ਵੈਸਟਇੰਡੀਜ ਨੇ ਆਪਣੀਆਂ 6 ਵਿਕਟਾਂ 170 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਕਪਤਾਨ ਜੈਸਨ ਹੋਲਡਰ ਤੇ ਜੋਸ਼ੂਆ ਡੀ ਸਿਲਵਾ ਨੇ 7ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 74 ਦੌੜਾਂ ਜੋੜ ਕੇ ਵੈਸਟਇੰਡੀਜ਼ ਨੂੰ ਤੀਜੇ ਹੀ ਦਿਨ ਪਾਰੀ ਦੀ ਹਾਰ ਤੋਂ ਬਚਾ ਲਿਆ। ਸਟੰਪਸ ਦੇ ਸਮੇਂ ਹੋਲਡਰ 89 ਗੇਂਦਾਂ ਵਿਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਅਤੇ ਡੀ ਸਿਲਵਾ 39 ਗੇਂਦਾਂ 'ਤੇ 25 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ। ਨਿਊਜ਼ੀਲੈਂਡ ਵਲੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 75 ਦੌੜਾਂ 'ਤੇ 3 ਵਿਕਟਾਂ, ਜੈਮਿਸਨ ਨੇ 43 ਦੌੜਾਂ 'ਤੇ 2 ਵਿਕਟਾਂ ਤੇ ਨੀਲ ਵੈਗਨਰ ਨੇ 53 ਦੌੜਾਂ 'ਤੇ ਇਕ ਵਿਕਟ ਲਈ।
ਨੋਟ- ਵਿੰਡੀਜ਼ ਪਾਰੀ ਦੀ ਹਾਰ ਦੇ ਸੰਕਟ 'ਚ, ਨਿਊਜ਼ੀਲੈਂਡ ਕਲੀਨ ਸਵੀਪ ਦੇ ਕੰਢੇ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।