ਫਿਡੇ ਵਿਸ਼ਵ ਕੱਪ ਸ਼ਤਰੰਜ : ਗੁਕੇਸ਼ ਤੇ ਕਾਰਲਸਨ ਵਿਚਾਲੇ ਹੋਵੇਗਾ ਕੁਆਰਟਰ ਫਾਈਨਲ

08/14/2023 1:23:16 PM

ਬਾਕੂ (ਅਜਰਬੈਜਾਨ), (ਨਿਕਲੇਸ਼ ਜੈਨ)– ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਪੰਜਵੇਂ ਦੌਰ ਦੇ ਦੋਵੇਂ ਕਲਾਸੀਕਲ ਮੁਕਾਬਲਿਆਂ ਤੋਂ ਬਾਅਦ ਭਾਰਤ ਦੇ ਤਿੰਨ ਖਿਡਾਰੀ ਡੀ. ਗੁਕੇਸ਼, ਆਰ. ਪ੍ਰਗਿਆਨੰਦਾ ਤੇ ਅਰਜੁਨ ਐਰਗਾਸੀ ਆਖਰੀ-8 ’ਚ ਪਹੁੰਚ ਗਏ ਹਨ ਜਦਕਿ ਵਿਦਿਤ ਗੁਜਰਾਤੀ ਕੱਲ ਰੂਸ ਦੇ ਯਾਨ ਨੈਪੋਮਨਿਆਚੀ ਨਾਲ ਟਾਈਬ੍ਰੇਕ ਮੁਕਾਬਲਾ ਖੇਡੇਗਾ।

ਕੱਲ ਜਿੱਤ ਦਰਜ ਕਰਨ ਵਾਲੇ ਭਾਰਤ ਦੇ ਦੋਵੇਂ ਖਿਡਾਰੀ ਡੀ. ਗੁਕੇਸ਼ ਤੇ ਅਰਜੁਨ ਐਰਗਾਸੀ ਨੇ ਅੱਜ ਆਪਣੇ ਮੁਕਾਬਲੇ ਡਰਾਅ ਖੇਡਦੇ ਹੋਏ 1.5-0.5 ਨਾਲ ਰਾਊਂਡ ਜਿੱਤ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ। ਗੁਕੇਸ਼ ਨੇ ਚੀਨ ਦੇ ਤਜਰਬੇਕਾਰ ਖਿਡਾਰੀ ਵਾਂਗ ਹਾਓ ਨਾਲ ਤੇ ਅਰਜੁਨ ਨੇ ਨੀਦਰਲੈਂਡ ਦੇ ਨਿਲਸ ਗ੍ਰੰਡੇਲੀਯੂਸ ਨਾਲ ਆਸਾਨੀ ਨਾਲ ਬਾਜ਼ੀ ਡਰਾਅ ਖੇਡੀ।

ਉੱਥੇ ਹੀ, ਕੱਲ ਆਪਣਾ ਪਹਿਲਾ ਮੁਕਾਬਲਾ ਡਰਾਅ ਖੇਡਣ ਵਾਲੇ ਭਾਰਤ ਦੇ ਆਰ. ਪ੍ਰਗਿਆਨੰਦਾ ਨੇ ਅੱਜ ਦੂਜੇ ਕਲਾਸੀਕਲ ਮੁਕਾਬਲੇ ’ਚ ਹੰਗਰੀ ਦੇ ਫ੍ਰੇਂਕ ਬੇਰਫੇਸ ਨੂੰ ਹਰਾਉਂਦੇ ਹੋਏ ਕੁਆਰਟਰ ਫਾਈਨਲ ’ਚ ਆਪਣਾ ਸਥਾਨ ਪੱਕਾ ਕੀਤਾ। ਹੁਣ ਕੁਆਰਟਰ ਫਾਈਨਲ ’ਚ ਉਸਦੀ ਟੱਕਰ ਹਮਵਤਨ ਅਰਜੁਨ ਐਰਗਾਸੀ ਨਾਲ ਹੋਵੇਗੀ ਜਦਕਿ ਗੁਕੇਸ਼ ਦਾ ਸਾਹਮਣਾ ਵਿਸ਼ਵ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਹੋਵੇਗਾ । ਉੱਥੇ ਹੀ, ਵਿਦਿਤ ਜੇਕਰ ਆਪਣਾ ਮੁਕਾਬਲਾ ਨੈਪੋਮਨਿਆਚੀ ਤੋਂ ਜਿੱਤਦਾ ਹੈ ਤਾਂ ਉਸਦਾ ਸਾਹਮਣਾ ਯੂ. ਐੱਸ. ਏ. ਦੇ ਦੋਮਿੰਗੇਜ ਪੇਰੇਜ ਨਾਲ ਹੋਣਾ ਤੈਅ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News