ਪੰਜਾਬ : ਸਕੂਲਾਂ ਦਾ ਬਦਲੇਗਾ ਸਮਾਂ! ਅੱਤ ਦੀ ਗਰਮੀ ਵਿਚਾਲੇ ਵਿਭਾਗੀ ਹਦਾਇਤਾਂ ਜਾਰੀ

Friday, Apr 24, 2026 - 12:45 PM (IST)

ਪੰਜਾਬ : ਸਕੂਲਾਂ ਦਾ ਬਦਲੇਗਾ ਸਮਾਂ! ਅੱਤ ਦੀ ਗਰਮੀ ਵਿਚਾਲੇ ਵਿਭਾਗੀ ਹਦਾਇਤਾਂ ਜਾਰੀ

ਚੰਡੀਗੜ੍ਹ/ਜਲੰਧਰ : ਪੰਜਾਬ ਵਿੱਚ ਇਸ ਵਾਰ ਗਰਮੀ ਨੇ ਸ਼ੁਰੂ ਵਿੱਚ ਹੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਕਈ ਜ਼ਿਲਿਆ ਵਿੱਚ ਤਾਪਮਾਨ 40 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਵਲੋਂ ਵੀ ਲੂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਆਸਮਾਨ ਤੋਂ ਵਰ੍ਹਦੀ ਅੱਗ ਅਤੇ ਭਿਆਨਕ ਹੁੰਦੀ ਜਾ ਰਹੀ ਹੀਟ ਵੇਵ (ਲੂ) ਵਿਦਿਆਰਥੀਆਂ ਖਾਸਕਰ ਛੋਟੇ ਬੱਚਿਆਂ ਉੱਤੇ ਜਲਦੀ ਅਸਰ ਕਰਦੀ ਹੈ। ਜਿਸ ਕਾਰਨ ਹੁਣ ਇਸ ਸੰਬੰਧੀ ਸਕੂਲਾਂ ਨੂੰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀਆਂ ਗਾਈਡਲਾਈਨਜ਼ ਦਾ ਹਵਾਲਾ ਦਿੰਦੇ ਹੋਏ ਸਿੱਖਿਆ ਵਿਭਾਗ ਵਲੋਂ  ਸਾਰੇ ਸਕੂਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਅਤੇ ਕਲਾਸ ਰੂਮ ’ਚ ਲੂ ਤੋਂ ਬਚਾਅ ਦੇ ਪ੍ਰਤੀ ਜਾਗਰੂਕ ਕਰਨ। 

ਇਨ੍ਹਾਂ ਹੁਕਮਾਂ ਦੇ ਉਲਟ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਵੱਧਦੀ ਗਰਮੀ ਅਤੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮਾਪਿਆਂ ਅਤੇ ਜੱਥੇਬੰਦੀਆਂ ਵਲੋਂ ਸਰਕਾਰ ਤੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਮਾਪਿਆਂ ਦਾ ਸੁਝਾਅ ਹੈ ਕਿ ਸਕੂਲਾਂ ਦਾ ਸਮਾਂ ਸਵੇਰੇ 7 ਤੋਂ 11 ਵਜੇ ਤੱਕ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਹੁਣ ਜਿਸ ਵੇਲੇ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਛੁੱਟੀ ਹੁੰਦੀ ਹੈ, ਉਹ ਦਿਨ ਭਰ ਦਾ ਸਭ ਤੋਂ ਗਰਮ ਉਤੇ ਭਿਆਨਕ ਲੂ ਚੱਲਣ ਵਾਲਾ ਸਮਾਂ ਭਾਵ ਤਿਖੜ ਦੁਪਹਿਰ ਹੁੰਦੀ ਹੈ। ਜਿਸ ਕਾਰਨ ਵਿਦਿਆਰਥੀਆਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। 

ਸ਼ਹਿਰ ਅਤੇ ਦਿਹਾਤੀ ਇਲਾਕਿਆਂ ’ਚ ਲੱਗ ਰਹੇ ਲੰਬੇ-ਲੰਬੇ ਬਿਜਲੀ ਦੇ ਕੱਟਾਂ ਨੇ ਵੀ ਕਲਾਸ ਰੂਮਾਂ ਨੂੰ ਭੱਠੀ ਬਣਾ ਦਿੱਤਾ ਹੈ। ਜ਼ਿਆਦਾਤਰ ਸਰਕਾਰੀ ਸਕੂਲਾਂ ’ਚ ਜਨਰੇਟਰ ਨਾ ਹੋਣ ਕਾਰਨ ਬੱਚੇ ਹੁੰਮਸ ਅਤੇ ਪਸੀਨੇ ’ਚ ਤਪਣ ਲਈ ਮਜਬੂਰ ਹਨ। ਸਭ ਤੋਂ ਗੰਭੀਰ ਸਮੱਸਿਆ ਪਾਣੀ ਦੀ ਹੈ। ਬਿਜਲੀ ਗੁੱਲ ਹੁੰਦੇ ਹੀ ਸਕੂਲਾਂ ਦੀਆਂ ਮੋਟਰਾਂ ਬੰਦ ਹੋ ਜਾਂਦੀਆਂ ਹਨ, ਜਿਸ ਨਾਲ ਵਾਟਰ ਕੂਲਰ ਸਿਰਫ ਦਿਖਾਵਾ ਬਣ ਜਾਂਦੇ ਹਨ ਅਤੇ ਬੱਚਿਆਂ ਨੂੰ ਪੀਣ ਦੇ ਪਾਣੀ ਲਈ ਇੱਧਰ-ਓਧਰ ਭਟਕਣਾ ਪੈਂਦਾ ਹੈ।

ਸਕੂਲਾਂ ’ਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀ ਕਈ ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕਰਕੇ ਸਕੂਲ ਪੁੱਜਦੇ ਹਨ। ਦੁਪਹਿਰ ਦੇ ਸਮੇਂ ਜਦੋਂ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਲੂ ਦੇ ਥਪੇੜੇ ਬੱਚਿਆਂ ਨੂੰ ਬੁਰੀ ਤਰ੍ਹਾਂ ਝੁਲਸਾ ਦਿੰਦੇ ਹਨ। ਧੁੱਪ ’ਚ ਸਾਈਕਲ ਚਲਾ ਕੇ ਘਰ ਵਾਪਸ ਮੁੜਦੇ ਸਮੇਂ ਬੱਚਿਆਂ ’ਚ ਬੇਹੋਸ਼ੀ, ਚੱਕਰ ਆਉਣ ਅਤੇ ਨੱਕ ’ਚੋਂ ਖ਼ੂਨ ਵਹਿਣ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ। ਮਾਪਿਆਂ ਦਾ ਕਹਿਣਾ ਹੈ ਕਿ ਦੁਪਹਿਰ 2 ਵਜੇ ਤੱਕ ਬੱਚਿਆਂ ਨੂੰ ਸਕੂਲ ’ਚ ਰੱਖਣਾ ਉਨ੍ਹਾਂ ਦੀ ਜਾਨ ਜੋਖ਼ਮ ’ਚ ਪਾਉਣ ਵਾਂਗ ਹੈ।
 


author

DILSHER

Content Editor

Related News