IND vs ENG ਸੀਰੀਜ਼ ਵਿਚਾਲੇ ਇਸ ਧਾਕੜ ਕ੍ਰਿਕਟਰ ਨੇ ਕਰ ''ਤਾ ਸੰਨਿਆਸ ਦਾ ਐਲਾਨ !

Friday, Jul 17, 2026 - 09:00 PM (IST)

IND vs ENG ਸੀਰੀਜ਼ ਵਿਚਾਲੇ ਇਸ ਧਾਕੜ ਕ੍ਰਿਕਟਰ ਨੇ ਕਰ ''ਤਾ ਸੰਨਿਆਸ ਦਾ ਐਲਾਨ !

ਸਪੋਰਟਸ ਡੈਸਕ - ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਕਾਰਡਿਫ ਦੇ ਸੋਫੀਆ ਗਾਰਡਨਜ਼ ਵਿਖੇ ਖੇਡੀ ਜਾ ਰਹੀ ਹੈ। ਦੂਜੇ ਪਾਸੇ ਇੰਗਲੈਂਡ ਦੇ 40 ਸਾਲਾ ਜੋ ਡੇਨਲੀ ਨੇ ਪ੍ਰੋਫੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸਾਲ 2009 ਵਿੱਚ ਇੰਗਲੈਂਡ ਲਈ ਡੈਬਿਊ ਕੀਤਾ ਸੀ। ਉੱਥੇ ਹੀ ਸਾਲ 2020 ਵਿੱਚ ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਕੈਂਟ ਕਲੱਬ ਦੇ ਦਿੱਗਜ ਖਿਡਾਰੀ ਜੋ ਡੇਨਲੀ ਨੇ ਪ੍ਰੋਫੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 40 ਸਾਲ ਦੇ ਹੋ ਚੁੱਕੇ ਡੇਨਲੀ ਸਾਲ 2026 ਦੇ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਕ੍ਰਿਕਟ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦੇਣਗੇ। ਉਹ ਪਿਛਲੇ 20 ਤੋਂ ਵੱਧ ਸਾਲਾਂ ਤੋਂ ਇਸ ਖੇਡ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਸਤੰਬਰ 2020 ਵਿੱਚ ਆਸਟਰੇਲੀਆ ਦੇ ਖਿਲਾਫ ਖੇਡਿਆ ਸੀ। ਉਹ ਜੋ ਰੂਟ ਅਤੇ ਬੇਨ ਸਟੋਕਸ ਦੀ ਕਪਤਾਨੀ ਵਿੱਚ ਖੇਡ ਚੁੱਕੇ ਹਨ।

ਜੋ ਡੇਨਲੀ ਨੇ ਸਾਲ 2004 ਵਿੱਚ ਪਹਿਲੀ ਵਾਰ ਕੈਂਟ ਟੀਮ ਲਈ ਖੇਡਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੀ ਟੀਮ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਈ। ਉਨ੍ਹਾਂ ਦੀ ਮਦਦ ਨਾਲ ਟੀਮ ਨੇ 2007 ਵਿੱਚ ਆਪਣੀ ਪਹਿਲੀ ਟੀ-20 ਟਰਾਫੀ ਜਿੱਤੀ ਅਤੇ 2022 ਵਿੱਚ ਉਨ੍ਹਾਂ ਨੇ ਕਪਤਾਨ ਬਣ ਕੇ ਟੀਮ ਨੂੰ 'ਵਨ-ਡੇ ਕੱਪ' ਦੀ ਟਰਾਫੀ ਵੀ ਦਿਵਾਈ। ਉਹ ਕੈਂਟ ਟੀਮ ਵੱਲੋਂ ਟੀ-20 ਮੈਚਾਂ ਵਿੱਚ 5000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਹਨ। ਇਸ ਤੋਂ ਇਲਾਵਾ, ਉਹ ਕੈਂਟ ਦੇ ਉਨ੍ਹਾਂ ਕੁਝ ਖਾਸ ਬੱਲੇਬਾਜ਼ਾਂ ਵਿੱਚ ਗਿਣੇ ਜਾਂਦੇ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ (ਟੈਸਟ, ਵਨਡੇ ਅਤੇ ਟੀ-20) ਵਿੱਚ ਸੈਂਕੜੇ ਲਗਾਏ ਹਨ।

ਜੋ ਡੇਨਲੀ ਦਾ ਇੰਗਲੈਂਡ ਟੀਮ ਲਈ ਖੇਡਣ ਦਾ ਸਫ਼ਰ ਕਾਫੀ ਉਤਾਰ-ਚੜ੍ਹਾਅ ਵਾਲਾ ਰਿਹਾ। ਉਨ੍ਹਾਂ ਨੇ ਸਾਲ 2009 ਵਿੱਚ ਪਹਿਲਾ ਮੈਚ ਖੇਡਿਆ, ਪਰ ਅਗਲੇ ਹੀ ਸਾਲ (2010 ਵਿੱਚ) ਉਨ੍ਹਾਂ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਮੌਕਾ ਪਾਉਣ ਲਈ ਪੂਰੇ 8 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ 2018 ਵਿੱਚ ਉਨ੍ਹਾਂ ਦੀ ਟੀਮ ਵਿੱਚ ਵਾਪਸੀ ਹੋਈ। ਉਨ੍ਹਾਂ ਨੇ ਇੰਗਲੈਂਡ ਲਈ ਕੁੱਲ 15 ਟੈਸਟ ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ ਨੰਬਰ 3 'ਤੇ ਬੱਲੇਬਾਜ਼ੀ ਕਰਦੇ ਹੋਏ ਮੁਸ਼ਕਲ ਸਮੇਂ ਵਿੱਚ ਟੀਮ ਲਈ ਕਈ ਜ਼ਰੂਰੀ ਪਾਰੀਆਂ ਖੇਡੀਆਂ, ਜਿਸ ਵਿੱਚ 2019 ਵਿੱਚ ਆਸਟਰੇਲੀਆ ਦੇ ਖਿਲਾਫ ਖੇਡੀਆਂ ਗਈਆਂ ਯਾਦਗਾਰ ਪਾਰੀਆਂ ਵੀ ਸ਼ਾਮਲ ਹਨ।

ਜੋ ਡੇਨਲੀ ਨੇ ਕੈਂਟ ਕਲੱਬ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰੋਫੈਸ਼ਨਲ ਕ੍ਰਿਕਟ ਦੇ ਇਸ ਸ਼ਾਨਦਾਰ ਸਫ਼ਰ ਤੋਂ ਬਾਅਦ, ਹੁਣ ਉਨ੍ਹਾਂ ਦੇ ਵਿਦਾ ਲੈਣ ਦਾ ਸਮਾਂ ਆ ਗਿਆ ਹੈ। ਉਹ ਸਾਲ 2026 ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਖੇਡ ਤੋਂ ਪੂਰੀ ਤਰ੍ਹਾਂ ਸੰਨਿਆਸ ਲੈ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਦਿੱਤਾ ਹੈ। ਕੈਂਟ ਕਲੱਬ ਲਈ ਆਪਣਾ ਪਹਿਲਾ ਮੈਚ ਖੇਡਣ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਦੀ ਨੁਮਾਇੰਦਗੀ ਕਰਨ ਤੱਕ, ਉਨ੍ਹਾਂ ਲਈ ਹਰ ਇੱਕ ਪਲ ਬਹੁਤ ਮਾਣ ਵਾਲੀ ਗੱਲ ਰਹੀ ਹੈ।


author

Inder Prajapati

Content Editor

Related News