27 ਚੌਕੇ, 10 ਛੱਕੇ ਤੇ ਅਜੇਤੂ 350 ਦੌੜਾਂ... ਧਾਕੜ ਬੱਲੇਬਾਜ਼ ਨੇ ਟ੍ਰਿਪਲ ਸੈਂਚੁਰੀ ਠੋਕ ਤੋੜਿਆ ਮਹਾਰਿਕਾਰਡ

Thursday, Sep 03, 2026 - 03:17 PM (IST)

27 ਚੌਕੇ, 10 ਛੱਕੇ ਤੇ ਅਜੇਤੂ 350 ਦੌੜਾਂ... ਧਾਕੜ ਬੱਲੇਬਾਜ਼ ਨੇ ਟ੍ਰਿਪਲ ਸੈਂਚੁਰੀ ਠੋਕ ਤੋੜਿਆ ਮਹਾਰਿਕਾਰਡ

ਪੋਟਚੇਫਸਟਰੂਮ (ਦੱਖਣੀ ਅਫ਼ਰੀਕਾ) : ਬੰਗਲਾਦੇਸ਼ ਦੇ ਨੌਜਵਾਨ ਬੱਲੇਬਾਜ਼ ਤੌਹੀਦ ਹਿਰਦੋਏ ਨੇ ਦੱਖਣੀ ਅਫ਼ਰੀਕਾ ਦੀ ਧਰਤੀ 'ਤੇ ਬੱਲੇ ਨਾਲ ਅਜਿਹਾ ਤੂਫ਼ਾਨ ਮਚਾਇਆ ਹੈ, ਜਿਸ ਨੂੰ ਕ੍ਰਿਕਟ ਜਗਤ ਵਿੱਚ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਦੱਖਣੀ ਅਫ਼ਰੀਕਾ 'ਏ' ਵਿਰੁੱਧ ਖੇਡੇ ਗਏ ਦੂਜੇ ਅਣਅਧਿਕਾਰਤ ਟੈਸਟ ਮੈਚ ਵਿੱਚ ਬੰਗਲਾਦੇਸ਼ 'ਏ' ਵੱਲੋਂ ਖੇਡਦਿਆਂ ਰਿਦੋਏ ਨੇ ਅਜੇਤੂ 350 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਹੈ। ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ ਉਨ੍ਹਾਂ ਨੇ 481 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਵਿੱਚ 27 ਚੌਕੇ ਅਤੇ 10 ਛੱਕੇ ਸ਼ਾਮਲ ਸਨ। ਇਸ ਬੇਮਿਸਾਲ ਪਾਰੀ ਦੇ ਦਮ 'ਤੇ ਹਿਰਦੋਏ ਨੇ ਫਸਟ-ਕਲਾਸ ਕ੍ਰਿਕਟ ਵਿੱਚ ਕਈ ਇਤਿਹਾਸਕ ਰਿਕਾਰਡ ਆਪਣੇ ਨਾਮ ਕਰ ਲਏ ਹਨ। ਇਹ ਮੁਕਾਬਲਾ 30 ਸਤੰਬਰ ਤੋਂ ਸ਼ੁਰੂ ਹੋ ਕੇ 2 ਸਤੰਬਰ ਨੂੰ ਡਰਾਅ 'ਤੇ ਖ਼ਤਮ ਹੋਇਆ।

ਤਮੀਮ ਇਕਬਾਲ ਦਾ 6 ਸਾਲ ਪੁਰਾਣਾ ਮਹਾਂ-ਰਿਕਾਰਡ ਤੋੜਿਆ 
ਮੈਚ ਦੇ ਚੌਥੇ ਦਿਨ ਤੌਹੀਦ ਰਿਦੋਏ ਨੇ ਬੰਗਲਾਦੇਸ਼ ਦੇ ਸਾਬਕਾ ਦਿੱਗਜ ਬੱਲੇਬਾਜ਼ ਅਤੇ ਮੌਜੂਦਾ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਤਮੀਮ ਇਕਬਾਲ ਦਾ ਫਸਟ-ਕਲਾਸ ਕ੍ਰਿਕਟ ਦਾ ਸਭ ਤੋਂ ਵੱਡਾ ਰਿਕਾਰਡ ਤੋੜ ਦਿੱਤਾ। ਤਮੀਮ ਨੇ ਸਾਲ 2020 ਵਿੱਚ ਢਾਕਾ ਵਿਖੇ ਬੰਗਲਾਦੇਸ਼ ਕ੍ਰਿਕਟ ਲੀਗ ਦੇ ਇੱਕ ਮੈਚ ਵਿੱਚ ਅਜੇਤੂ 334 ਦੌੜਾਂ ਬਣਾਈਆਂ ਸਨ। ਹੁਣ ਹਿਰਦੋਏ ਅਜੇਤੂ 350 ਦੌੜਾਂ ਬਣਾ ਕੇ ਫਸਟ-ਕਲਾਸ ਕ੍ਰਿਕਟ ਵਿੱਚ ਕਿਸੇ ਵੀ ਬੰਗਲਾਦੇਸ਼ੀ ਬੱਲੇਬਾਜ਼ ਵੱਲੋਂ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

ਤਮੀਮ ਇਕਬਾਲ ਨੇ ਵੀ ਹਿਰਦੋਏ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਜਤਾਉਂਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਰਿਕਾਰਡ ਟੁੱਟਣ ਲਈ ਹੀ ਬਣਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦਾ ਰਿਕਾਰਡ ਟੁੱਟ ਗਿਆ ਹੈ। ਹਿਰਦੋਏ ਬੰਗਲਾਦੇਸ਼ ਵੱਲੋਂ ਫਸਟ-ਕਲਾਸ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਸਿਰਫ਼ ਤੀਜੇ ਬੱਲੇਬਾਜ਼ ਬਣੇ ਹਨ; ਉਨ੍ਹਾਂ ਤੋਂ ਪਹਿਲਾਂ ਤਮੀਮ ਇਕਬਾਲ (334*) ਅਤੇ ਸਾਲ 2007 ਵਿੱਚ ਰਕੀਬੁਲ ਹਸਨ (313*) ਇਹ ਕਾਰਨਾਮਾ ਕਰ ਚੁੱਕੇ ਹਨ।

ਵਿਦੇਸ਼ੀ ਧਰਤੀ 'ਤੇ ਤੀਹਰਾ ਸੈਂਕੜਾ ਜੜਨ ਵਾਲੇ ਪਹਿਲੇ ਬੰਗਲਾਦੇਸ਼ੀ 
ਹਿਰਦੋਏ ਦੀ ਇਸ ਪਾਰੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਵਿਦੇਸ਼ੀ ਸਰਜ਼ਮੀਨ 'ਤੇ ਫਸਟ-ਕਲਾਸ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੰਗਲਾਦੇਸ਼ੀ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਬੰਗਲਾਦੇਸ਼ 'ਏ' ਲਈ ਵਿਦੇਸ਼ ਵਿੱਚ ਸਭ ਤੋਂ ਵੱਡਾ ਸਕੋਰ ਸਾਲ 2003 ਵਿੱਚ ਸ਼ਾਹਰੀਆਰ ਹੁਸੈਨ ਨੇ ਦੋਹਰਾ ਸੈਂਕੜਾ ਲਗਾ ਕੇ ਬਣਾਇਆ ਸੀ।


author

Tarsem Singh

Content Editor

Related News