ਸਮਿਥ-ਵਿਰਾਟ ਵਿਚਾਲੇ ਲੰਬਾ ਫਰਕ ਬਰਕਰਾਰ

09/16/2019 10:12:41 PM

ਦੁਬਈ— ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਤਾਜ਼ਾ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ ਤੇ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਅੰਕ ਸੂਚੀ ਵਿਚ ਕਾਫੀ ਅੱਗੇ ਬਣਿਆ ਹੋਇਆ ਹੈ, ਜਦਕਿ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੰਬਕ ਇਕ ਸਥਾਨ 'ਤੇ ਮਜ਼ਬੂਤ ਸਥਿਤੀ ਬਣੀ ਹੋਈ ਹੈ। ਸਮਿਥ ਤੋਂ ਇਲਾਵਾ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਵੀ ਚੋਟੀ 'ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਏਸ਼ੇਜ਼ ਸੀਰੀਜ਼  ਦੇ ਡਰਾਅ ਖਤਮ ਹੋਣ ਤੋਂ ਬਾਅਦ ਜਾਰੀ ਟੈਸਟ ਰੈਂਕਿੰਗ ਵਿਚ ਇਸ ਦੀ ਜਾਣਕਾਰੀ ਦਿੱਤੀ।
ਆਸਟਰੇਲੀਆਈ ਬੱਲੇਬਾਜ਼ ਸਮਿਥ ਨੇ ਦੂਜੇ ਨੰਬਰ 'ਤੇ ਮੌਜੂਦ ਵਿਰਾਟ ਤੋਂ 34 ਅੰਕਾਂ ਦਾ ਫਰਕ ਬਰਕਰਾਰ ਰੱਖਿਆ ਹੈ। ਸਮਿਥ ਦੇ ਬੱਲੇਬਾਜ਼ੀ ਰੈਂਕਿੰਗ ਵਿਚ ਕੁਲ 937 ਰੇਟਿੰਗ ਅੰਕ ਹਨ, ਜਦਕਿ ਵਿਰਾਟ ਦੇ ਖਾਤੇ ਵਿਚ 903 ਅੰਕ ਹਨ। ਵਿਰਾਟ ਕੋਲ ਹੁਣ ਅਕਤੂਬਰ ਵਿਚ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ 3 ਟੈਸਟਾਂ ਦੀ ਘਰੇਲੂ ਸੀਰੀਜ਼ ਵਿਚ ਸਮਿਥ ਤੋਂ ਆਪਣਾ ਫਰਕ ਘੱਟ ਕਰਨ ਦਾ ਮੌਕਾ ਹੋਵੇਗਾ।
ਵਾਰਨਰ ਨੂੰ 7 ਸਥਾਨਾਂ ਦਾ ਨੁਕਸਾਨ
ਆਸਟਰੇਲੀਆ ਦੇ ਡੇਵਿਡ ਵਾਰਨਰ ਨੂੰ ਬੱਲੇਬਾਜ਼ੀ ਵਿਚ ਸੱਤ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ 24ਵੇਂ ਨੰਬਰ 'ਤੇ ਪਹੁੰਚ ਗਿਆ। 5 ਮੈਚਾਂ ਦੀ ਸੀਰੀਜ਼ ਵਿਚ ਵਾਰਨਰ ਨੂੰ ਕੁਲ 19 ਸਥਾਨਾਂ ਦਾ ਨੁਕਸਾਨ ਹੋਇਆ ਹੈ, ਜਦਕਿ ਉਸ ਨੇ ਸੀਰੀਜ਼ ਦੀ ਸ਼ੁਰੂਆਤ ਪੰਜਵੇਂ ਨੰਬਰ ਤੋਂ ਕੀਤੀ ਸੀ। ਉਸ ਨੇ 10 ਪਾਰੀਆਂ ਵਿਚ ਸਿਰਫ 95 ਦੌੜਾਂ ਹੀ ਬਣਾਈਆਂ ਹਨ।
ਪੈਟ ਕਮਿੰਸ ਗੇਂਦਬਾਜ਼ੀ 'ਚ ਚੋਟੀ 'ਤੇ ਬਰਕਰਾਰ
ਪੈਟ ਕਮਿੰਸ ਗੇਂਦਬਾਜ਼ੀ ਰੈਂਕਿੰਗ ਵਿਚ ਆਪਣੇ ਚੋਟੀ ਦੇ ਸਥਾਨ 'ਤੇ ਬਰਕਰਾਰ ਹੈ ਤੇ ਉਸ ਦੇ 908 ਰੇਟਿੰਗ ਅੰਕ ਹਨ ਤੇ ਉਹ ਆਪਣੀ 914 ਦੀ ਸਰਵਸ੍ਰੇਸ਼ਠ ਰੇਟਿੰਗ ਦੇ ਨੇੜੇ ਪਹੁੰਚ ਰਿਹਾ ਹੈ। ਉਹ ਦੂਜੇ ਸਥਾਨ ਦੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਤੋਂ 57 ਅੰਕ ਅੱਗੇ ਹੈ। ਕਮਿੰਸ ਨੇ ਸੀਰੀਜ਼ ਵਿਚ ਕੁਲ 29 ਵਿਕਟਾਂ ਲਈਆਂ ਸਨ। ਜੋਸ ਹੇਜ਼ਲਵੁੱਡ 12ਵੇਂ ਨੰਬਰ 'ਤੇ ਖਿਸਕ ਗਿਆ ਹੈ। ਭਾਰਤ ਦਾ ਜਸਪ੍ਰੀਤ ਬੁਮਰਾਹ ਤੀਜੇ ਨੰਬਰ 'ਤੇ ਮੌਜੂਦ ਹੈ।
ਆਰਚਰ ਪਹਿਲੀ ਵਾਰ ਟਾਪ-40 'ਚ
ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਪਹਿਲੀ ਵਾਰ ਟਾਪ-40 ਵਿਚ ਪਹੁੰਚ ਗਿਆ ਹੈ। ਉਸ ਨੇ ਆਖਰੀ ਮੈਚ ਦੀ ਪਹਿਲੀ ਪਾਰੀ ਵਿਚ 6 ਵਿਕਟਾਂ ਲਈਆਂ ਸਨ, ਜਦਕਿ ਲੈਫਟ ਆਰਮ ਤੇਜ਼ ਗੇਂਦਬਾਜ਼ ਸੈਮ ਕਿਊਰਾਨ 6 ਸਥਾਨ ਉੱਪਰ ਉੱਠ ਕੇ 65ਵੇਂ ਨੰਬਰ 'ਤੇ ਪਹੁੰਚ ਗਿਆ ਹੈ।


Gurdeep Singh

Content Editor

Related News