ਟੀਚੇ ਦਾ ਪਿੱਛਾ ਕਰਦੇ ਹੋਏ ਹਾਰਦਿਕ ਤੇ ਵਿਰਾਟ ਦਾ ਸੰਯੋਜਨ ਸ਼ਾਨਦਾਰ ਹੋਵੇਗਾ : ਸ਼੍ਰੀਸੰਥ
Friday, May 03, 2024 - 07:57 PM (IST)
ਨਵੀਂ ਦਿੱਲੀ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਸ਼ੁੱਕਰਵਾਰ ਨੂੰ ਹਾਰਦਿਕ ਪੰਡਯਾ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਚੋਣ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦੇ ਨਾਲ ਇਸ ਆਲਰਾਊਂਡਰ ਦੀ ਮੌਜੂਦੀ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਚੰਗਾ ਸੰਯੋਜਨ ਸਾਬਤ ਹੋਵੇਗੀ।
ਫਾਰਮ ਵਿਚ ਚੱਲ ਰਹੇ ਪੰਡਯਾ ਨੂੰ 15 ਮੈਂਬਰੀ ਭਾਰਤੀ ਟੀਮ ਵਿਚ ਸ਼ਾਮਲ ਕਰਨ ਤੋਂ ਸਵਾਲ ਉੱਠ ਰਹੇ ਹਨ ਪਰ ਚੋਣਕਾਰਾਂ ਨੇ ਉਸਦੇ ਪਿਛਲੇ ਰਿਕਾਰਡ ਅਤੇ ਗੇਂਦ ਤੇ ਬੱਲੇ ਦੋਵਾਂ ਨਾਲ ਤੇਜ਼ੀ ਨਾਲ ਖੇਡ ਦਾ ਦ੍ਰਿਸ਼ ਬਦਲਣ ਦੀ ਉਸ ਦੀ ਕਾਬਲੀਅਤ ਨੂੰ ਧਿਆਨ ਵਿਚ ਰੱਖ ਕੇ ਇਹ ਫੈਸਲਾ ਕੀਤਾ ਹੈ। ਨਾਲ ਹੀ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਲਈ ਉਸ ਨੂੰ ਉਪ ਕਪਤਾਨ ਨਿਯੁਕਤ ਕਰਨ ’ਤੇ ਵੀ ਕਾਫੀ ਲੋਕ ਹੈਰਾਨ ਹਨ ਪਰ ਕਪਿਲ ਦੇਵ ਦੇ ਯੁੱਗ ਤੋਂ ਬਾਅਦ ਭਾਰਤ ਦੇ ਸਰਵਸ੍ਰੇਸ਼ਠ ਆਊਟਸਵਿੰਗ ਗੇਂਦਬਾਜ਼ਾਂ ਵਿਚ ਸ਼ਾਮਲ ਸ਼੍ਰੀਸੰਥ ਨੇ ਇਸ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ,‘‘ਇਸ ਸਾਲ ਦੇ ਆਈ. ਪੀ. ਐੱਲ. ਨੂੰ ਛੱਡ ਦਿਓ ਤਾਂ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਉਹ ਮੈਦਾਨ ’ਤੇ ਕੀ ਕਰਨ ਦੀ ਕਾਬਲੀਅਤ ਰੱਖਦਾ ਹੈ। ਉਹ ਜਿਸ ਤਰ੍ਹਾਂ ਨਾਲ ਦੇਸ਼ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰ ਰਿਹਾ ਹੈ, ਉਹ ਸ਼ਾਨਦਾਰ ਹੈ ਤੇ ਇੱਥੋਂ ਤਕ ਕਿ ਉਸ ਨੇ ਇਕ ਲੜੀ ਵਿਚ ਟੀਮ ਦੀ ਅਗਵਾਈ ਕੀਤੀ ਤੇ ਇਸ ਵਿਚ ਜਿੱਤ ਵੀ ਦਿਵਾਈ।’’