ਲਿਡੋਰੇਸ ਰੈਪਿਡ ਸ਼ਤਰੰਜ ਟੂਰਨਾਮੈਂਟ : ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਬਣਾਈ ਬੜ੍ਹਤ
Tuesday, Jun 02, 2020 - 07:03 PM (IST)
ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)– ਲਿੰਡੋਰਸ ਏ. ਬੀ. ਆਨਲਾਈਨ ਇੰਟਰਨੈਸ਼ਨਲ ਰੈਪਿਡ ਚੈਲੰਜ ਦਾ ਫਾਈਨਲ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੇ ਰੂਸ ਦੇ ਡੇਨੀਅਲ ਡੁਬੋਵ ਵਿਚਾਲੇ ਬੈਸਟ ਆਫ ਥ੍ਰੀ ਦੇ ਆਧਾਰ ’ਤੇ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੇ ਮੁਕਾਬਲੇ ਵਿਚ ਚਾਰ ਰੈਪਿਡ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਨਾਕਾਮੁਰਾ ਨੇ ਇਕਪਾਸੜ ਅੰਦਾਜ਼ ਵਿਚ 2.5-1.5 ਨਾਲ ਡੇਨੀਅਲ ਡੁਬੋਵ ਨੂੰ ਹਰਾਉਂਦੇ ਹੋਏ 1-0 ਦੀ ਬੜ੍ਹਤ ਹਾਸਲ ਕਰ ਲਈ। ਦੋਵਾਂ ਵਿਚਾਲੇ ਹੋਏ ਪਹਿਲੇ ਰੈਪਿਡ ਮੁਕਾਬਲੇ ਵਿਚ ਕਿਊ. ਜੀ. ਡੀ. ਓਪਨਿੰਗ ਵਿਚ ਬਾਜ਼ੀ ਖੇਡੀ ਗਈ, ਜਿਸ ਵਿਚ ਸਫੇਦ ਮੋਹਰਿਆਂ ਨਾਲ ਖੇਡ ਰਹੇ ਡੁਬੋਵ ਨੇ ਆਪਣੇ ਪਿਆਦੇ ਨੂੰ ਵਜੀਰ ਵਲੋਂ ਸਮੇਂ ਤੋਂ ਪਹਿਲਾਂ ਵਧਣ ਦੀ ਵਜ੍ਹਾ ਨਾਲ ਇਕ ਪਿਆਦਾ ਗੁਆ ਦਿੱਤਾ, ਨਤੀਜੇ ਵਜੋਂ ਵਜੀਰ ਦੇ ਐਂਡਗੇਮ ਵਿਚ ਨਾਕਾਮੁਰਾ ਨੇ ਉਸ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਸ਼ਾਨਦਾਰ ਜਿੱਤ 46 ਚਾਲਾਂ ਵਿਚ ਹਾਸਲ ਕਰ ਲਈ।
ਦੂਜੇ ਮੁਕਾਬਲੇ ਵਿਚ ਨਾਕਾਮੁਰਾ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਿੰਗ ਪਾਨ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ 1 ਮੈਚ ਹਾਰ ਚੁੱਕੇ ਡੁਬੋਵ ਨੇ ਫਿਲਿਡਰ ਡਿਫੈਂਸ ਨਾਲ ਜਵਾਬ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਨਾਕਾਮੁਰਾ ਨੇ ਸੰਤੁਲਿਤ ਚਾਲਾਂ ਚੱਲਦੇ ਹੋਏ ਸਥਿਤੀ ਬਿਹਤਰ ਬਣਾਈ ਰੱਖੀ। ਇਕ ਵਾਰ ਫਿਰ ਐਂਡਗੇਮ ਵਿਚ ਆਪਣੇ ਪਿਆਦੇ ਨੂੰ ਦੇ ਕੇ ਖੇਡ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਡੁਬੋਵ ਨੇ ਕੀਤੀ ਪਰ ਗੱਲ ਉਲਟੀ ਪੈ ਗਈ ਅਤੇ ਹਾਥੀ ਤੇ ਘੋੜੇ ਦੇ ਐਂਡਗੇਮ ਵਿਚ ਇਕ ਪਿਆਦਾ ਵੱਧ ਹੋਣ ਦਾ ਨਾਕਾਮੁਰਾ ਨੇ ਭਰਪੂਰ ਫਾਇਦਾ ਚੁੱਕਿਆ ਤੇ ਸ਼ਾਨਦਾਰ ਐਂਡਗੇਮ ਤਕਨੀਕ ਨਾਲ ਮੈਚ 57 ਚਾਲਾਂ ਵਿਚ ਜਿੱਤ ਲਿਆ।
ਤੀਜੇ ਮੈਚ ਵਿਚ ਜਦੋਂ ਲੱਗ ਰਿਹਾ ਸੀ ਕਿ ਹੁਣ ਨਾਕਾਮੁਰਾ ਲਈ ਰਾਊਂਡ ਜਿੱਤਣਾ ਆਸਾਨ ਹੈ ਤਾਂ ਡੁਬੋਵ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਕੋਰ 2-1 ਕਰ ਦਿੱਤਾ ਪਰ ਚੌਥੇ ਮੈਚ ਵਿਚ ਸਫੇਦ ਮੋਹਰਿਆਂ ਨਾਲ ਖੇਡ ਰਹੇ ਨਾਕਾਮੁਰਾ ਨੇ ਸਿਸਿਲੀਅਨ ਡਿਫੈਂਸ ਦੇ ਰੋਜੋਲਿਮੋਂ ਵੈਰੀਏਸ਼ਨ ਵਿਚ ਡੁਬੋਵ ਨੂੰ ਬੜ੍ਹਤ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਹਾਥੀ ਦੇ ਐਂਡਗੇਮ ਵਿਚ ਮੁਕਾਬਲਾ ਡਰਾਅ ਰੱਖਣ ’ਤੇ ਸਹਿਮਤੀ ਬਣੀ ਤੇ ਇਸਦੇ ਨਾਲ ਹੀ ਨਾਕਾਮੁਰਾ ਨੇ ਪਹਿਲਾ ਰਾਊਂਡ 2.5-1.5 ਨਾਲ ਜਿੱਤ ਕੇ 1-0 ਦੀ ਬੜ੍ਹਤ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ।