ਭਾਰਤੀ ਮਹਿਲਾ ਹਾਕੀ ਟੀਮ ਆਸਟ੍ਰੇਲੀਆ ਵਿਰੁੱਧ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਪਰਖੇਗੀ
Thursday, May 18, 2023 - 02:09 PM (IST)
ਐਡੀਲੇਡ, (ਭਾਸ਼ਾ)- ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਤੋਂ ਸ਼ੁਰੂ ਹੋ ਰਹੇ 5 ਮੈਚਾਂ ਦੇ ਦੌਰੇ ’ਤੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਆਸਟ੍ਰੇਲੀਆ ਖ਼ਿਲਾਫ਼ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਦਿਆਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ 18, 20 ਅਤੇ 21 ਮਈ ਨੂੰ ਸੀਨੀਅਰ ਆਸਟ੍ਰੇਲੀਆਈ ਟੀਮ ਖਿਲਾਫ ਪਹਿਲੇ 3 ਮੈਚ ਖੇਡੇਗੀ।
ਇਸ ਤੋਂ ਬਾਅਦ ਟੀਮ 25 ਅਤੇ 27 ਮਈ ਨੂੰ ਆਸਟ੍ਰੇਲੀਆ ‘ਏ’ ਨਾਲ ਭਿੜੇਗੀ। ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 8ਵੀਂ ਰੈਂਕਿੰਗ ਵਾਲੀ ਟੀਮ ਇਸ ਦੌਰ ’ਚ ਖੁਦ ਨੂੰ ਪਰਖਣ ਦੀ ਕੋਸ਼ਿਸ਼ ਕਰੇਗੀ। ਟੀਮ ਨੂੰ ਇਸ ਦੌਰੇ ਤੋਂ ਪਤਾ ਲੱਗੇਗਾ ਕਿ ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਲਈ ਕਿਹੜੇ ਖੇਤਰਾਂ ’ਚ ਸੁਧਾਰ ਕਰਨ ਦੀ ਲੋੜ ਹੈ।
ਏਸ਼ੀਆਈ ਖੇਡਾਂ ਤੋਂ ਟੀਮ ਨੂੰ ਪੈਰਿਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਭਾਰਤੀ ਟੀਮ 4 ਦਿਨ ਪਹਿਲਾਂ ਹੀ ਐਡੀਲੇਡ ਪਹੁੰਚ ਗਈ ਸੀ ਤਾਂ ਕਿ ਉਹ ਸਥਾਨਕ ਹਾਲਾਤ ਦੇ ਮੁਤਾਬਕ ਹੋ ਸਕੇ। ਭਾਰਤੀ ਮਹਿਲਾ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ 3 ਵਾਰ ਦੀ ਸੋਨ ਤਮਗਾ ਜੇਤੂ ਟੀਮ ਨੂੰ 1-0 ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ 2022 ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ’ਚ ਆਹਮੋ-ਸਾਹਮਣੇ ਹੋਈਆਂ। ਬਰਮਿੰਘਮ ਖੇਡਾਂ ਵਿਚ ਇਹ ਮੈਚ ਪੈਨਲਟੀ ਸ਼ੂਟਆਊਟ ਤੱਕ ਡਰਾਅ ਰਿਹਾ, ਜਿਸ ਨੂੰ ਆਸਟ੍ਰੇਲੀਆ ਨੇ ਜਿੱਤ ਲਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।