ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ

Friday, Jan 05, 2024 - 05:41 AM (IST)

ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਲਿਆ ਹੈ। ਕੇਪਟਾਊਨ 'ਚ ਖੇਡੇ ਗਏ ਇਸ ਮੁਕਾਬਲੇ ਨੂੰ ਜਿੱਤਣ ਨਾਲ ਹੀ ਭਾਰਤ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 

ਇਸ ਮੈਚ ਦੇ ਖ਼ਤਮ ਹੋਣ ਨਾਲ ਹੀ ਭਾਰਤ ਨੇ ਸਭ ਤੋਂ ਜਲਦੀ ਟੈਸਟ ਮੈਚ ਖ਼ਤਮ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਟੈਸਟ ਮੈਚ ਸਿਰਫ਼ 5 ਸੈਸ਼ਨਾਂ 'ਚ ਖ਼ਤਮ ਹੋ ਗਿਆ। ਓਵਰਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਮੈਚ ਸਿਰਫ਼ 106.2 ਓਵਰਾਂ 'ਚ ਸਮਾਪਤ ਹੋ ਗਿਆ, ਜੋ ਕਿ ਟੈਸਟ ਮੈਚ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਲ 1932 'ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਟੈਸਟ ਮੈਚ ਦੇ ਨਾਂ ਸੀ, ਜੋ 109.2 ਓਵਰਾਂ ਤੱਕ ਚੱਲਿਆ ਸੀ।  

ਦੱਸ ਦੇਈਏ ਕਿ ਟੈਸਟ ਮੈਚ ਦੇ ਦੂਜੇ ਦਿਨ ਦੱਖਣੀ ਅਫਰੀਕਾ ਦੀ ਪੂਰੀ ਟੀਮ ਏਡਨ ਮਾਰਕ੍ਰਮ ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਸਿਰਫ਼ 176 ਦੌੜਾਂ ਹੀ ਬਣਾ ਸਕੀ, ਜਿਸ ਨਾਲ ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਸੀ। ਇਸ ਛੋਟੇ ਟੀਚੇ ਨੂੰ ਭਾਰਤੀ ਟੀਮ ਨੇ 3 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।

ਰੋਹਿਤ ਸ਼ਰਮਾ ਨੇ ਕੀਤੀ ਧੋਨੀ ਦੀ ਬਰਾਬਰੀ
ਇਸ ਟੈਸਟ ਮੈਚ 'ਚ ਜਿੱਤ ਨਾਲ ਰੋਹਿਤ ਸ਼ਰਮਾ ਨੇ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਈ ਹੈ। ਧੋਨੀ ਦੀ ਕਪਤਾਨੀ 'ਚ ਭਾਰਤ ਨੇ ਸਾਲ 2010-11 'ਚ ਦੱਖਣੀ ਅਫਰੀਕਾ 'ਚ ਟੈਸਟ ਲੜੀ ਡਰਾਅ ਕਰਵਾਈ ਸੀ, ਜਿਸ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਦੱਖਣੀ ਅਫਰੀਕਾ ’ਚ ਟੈਸਟ ਸੀਰੀਜ਼ ਡਰਾਅ ਕਰਨ ਵਾਲਾ ਦੂਜਾ ਕਪਤਾਨ ਬਣ ਗਿਆ ਹੈ। ਹਾਲਾਂਕਿ ਦੱਖਣੀ ਅਫਰੀਕਾ ਅਜੇ ਵੀ ਭਾਰਤ ਲਈ ਅਜੇਤੂ ਕਿਲਾ ਬਣਿਆ ਹੋਇਆ ਹੈ ਕਿਉਂਕਿ ਉਹ ਇਸ ਦੇਸ਼ ’ਚ ਹੁਣ ਤੱਕ ਕੋਈ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਹੈ। ਕਪਤਾਨ ਰੋਹਿਤ ਸ਼ਰਮਾ ਲਈ ਬਤੌਰ ਕਪਤਾਨ ਕ੍ਰਿਕਟ ਦੇ 4 ਵੱਡੇ ਦੇਸ਼ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਪਹਿਲਾ ਟੈਸਟ ਜਿੱਤਣਾ ਬਹੁਤ ਵੱਡੀ ਗੱਲ ਹੈ ਪਰ ਇਸ ਦੌਰਾਨ ਉਸ ਵੱਲੋਂ ਲਏ ਫੈਸਲਿਆਂ ਨਾਲ ਉਸ ਦੀ ਕਪਤਾਨੀ ਦਾ ਹੁਨਰ ਦਿਸਿਆ।
ਭਾਰਤ ਨੇ ਤੀਜੀ ਵਾਰ 2 ਦਿਨਾਂ ’ਚ ਜਿੱਤਿਆ ਟੈਸਟ
ਭਾਰਤ ਦੀ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ’ਚ 7 ਵਿਕਟਾਂ ਦੀ ਜਿੱਤ 1882 ਤੋਂ ਬਾਅਦ 25ਵੀਂ ਵਾਰ ਹੈ, ਜਦੋਂ ਕੋਈ ਟੈਸਟ ਮੈਚ 2 ਦਿਨਾਂ ਦੇ ਅੰਦਰ ਹੀ ਖ਼ਤਮ ਹੋ ਗਿਆ। ਭਾਰਤ 2 ਦਿਨਾਂ ਦੇ ਅੰਦਰ ਖ਼ਤਮ ਹੋਏ ਟੈਸਟ ਦਾ ਤੀਜੀ ਵਾਰ ਹਿੱਸਾ ਰਿਹਾ। ਇਸ ਤੋਂ ਪਹਿਲਾਂ ਭਾਰਤ ਨੇ 2018 ’ਚ ਬੈਂਗਲੁਰੂ ’ਚ ਅਫਗਾਨਿਸਤਾਨ ਅਤੇ 2021 ’ਚ ਅਹਿਮਦਾਬਾਦ ’ਚ ਇੰਗਲੈਂਡ ਨੂੰ 2 ਦਿਨਾਂ ’ਚ ਹਰਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News