ਇੰਟਰਕਾਂਟੀਨੈਂਟਲ ਕੱਪ ''ਚ ਭਾਰਤ ਦਾ ਸਾਹਮਣਾ ਤਜ਼ਾਕਿਸਤਾਨ ਨਾਲ
Sunday, Jul 07, 2019 - 12:32 PM (IST)
ਸਪੋਰਟਸ ਡੈਸਕ— ਨਵੇਂ ਨਿਯੁਕਤ ਕੋਚ ਇਗੋਰ ਸਟੀਮੈਕ ਦੇ ਮਾਰਗਦਰਸ਼ਨ 'ਚ ਭਾਰਤੀ ਟੀਮ ਇੱਥੇ ਇੰਟਰਕਾਂਟੀਨੈਂਟਲ ਕੱਪ 'ਚ ਤਜ਼ਾਕਿਸਤਾਨ ਖਿਲਾਫ ਆਪਣੇ ਖਿਤਾਬ ਦੇ ਬਚਾਅ ਦੀ ਸ਼ੁਰੂਆਤ ਕਰੇਗੀ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਦੋ ਹੋਰ ਟੀਮਾਂ ਸੀਰੀਆ ਅਤੇ ਉੱਤਰੀ ਕੋਰੀਆ ਹਨ। ਸਾਰੀਆਂ ਟੀਮਾਂ ਇਕ ਦੂਜੇ ਨਾਲ ਇਕ ਵਾਰ ਖੇਡਣਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ 17 ਜੁਲਾਈ ਨੂੰ ਹੋਣ ਵਾਲੇ ਫਾਈਨਲ 'ਚ ਇਕ ਦੂਜੇ ਨਾਲ ਭਿੜਨਗੀਆਂ। ਗੁਜਰਾਤ ਪਹਿਲੀ ਵਾਰ ਸੀਨੀਅਰ ਪੁਰਸ਼ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਭਾਰਤੀ ਟੀਮ ਥਾਈਲੈਂਡ 'ਚ ਕਿੰਗਸ ਕੱਪ 'ਚ ਤੀਜੇ ਸਥਾਨ 'ਤੇ ਰਹੀ ਸੀ ਅਤੇ ਇਸ ਚੰਗੇ ਪ੍ਰਦਰਸ਼ਨ ਦੇ ਬਾਅਦ ਇਸ ਟੂਰਨਾਮੈਂਟ 'ਚ ਹਿੱਸਾ ਲਵੇਗੀ। 'ਬਲੂ ਟਾਈਗਰਸ' ਦੇ ਮੁੱਖ ਕੋਚ ਦੇ ਤੌਰ 'ਤੇ ਜ਼ਿੰਮੇਦਾਰੀ ਸੰਭਾਲਣ ਦੇ ਬਾਅਦ ਸਟੀਮੈਕ ਦੇ ਮਾਰਗਦਰਸ਼ਨ 'ਚ ਕਿੰਗਸ ਕੱਪ ਦੇ ਬਾਅਦ ਇਹ ਟੀਮ ਦਾ ਦੂਜਾ ਟੂਰਨਾਮੈਂਟ ਹੋਵੇਗਾ। ਡਿਫੈਂਡਰ ਸੰਦੇਸ਼ ਝਿੰਗਨ ਨੇ ਕਿਹਾ- ਅਹਿਮਦਾਬਾਦ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਸ਼ਾਨਦਾਰ ਪਸੰਦ ਹੈ। ਇਹ ਚੰਗਾ ਫੈਸਲਾ ਹੈ ਕਿਉਂਕਿ ਇਸ ਨਾਲ ਪੂਰੇ ਦੇਸ਼ 'ਚ ਫੁੱਟਬਾਲ ਨੂੰ ਫੈਲਾਉਣ 'ਚ ਮਦਦ ਮਿਲੇਗੀ। ਮੈਂ ਹਾਲ 'ਚ ਆਪਣੇ ਕਲੱਬ ਲਈ ਇਸ ਸ਼ਹਿਰ 'ਚ ਟ੍ਰੇਨਿੰਗ ਕੀਤੀ ਸੀ। ਮੈਨੂੰ ਉਮੀਦ ਹੈ ਕਿ ਲੋਕ ਕਾਫੀ ਗਿਣਤੀ 'ਚ ਆਕੇ ਸਾਡਾ ਸਮਰਥਨ ਕਰਨਗੇ ਅਤੇ ਚੰਗਾ ਮਾਹੌਲ ਬਣੇਗਾ।