ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਹੋਇਆ ਜਾਰੀ, ਜਾਣੋ ਕਦੋਂ ਹੋਣਗੇ ਮੈਚ

Thursday, Jul 11, 2024 - 07:24 PM (IST)

ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਹੋਇਆ ਜਾਰੀ, ਜਾਣੋ ਕਦੋਂ ਹੋਣਗੇ ਮੈਚ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਇਸ ਸਮੇਂ ਜ਼ਿੰਬਾਬਵੇ ਦੌਰੇ 'ਤੇ ਹੈ, ਜਿੱਥੇ ਉਹ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਉਸ ਨੇ ਸ਼੍ਰੀਲੰਕਾ ਦੌਰੇ 'ਤੇ ਜਾਣਾ ਹੈ, ਜਿੱਥੇ ਉਸ ਨੇ 3 ਮੈਚਾਂ ਦੀ ਟੀ-20 ਅਤੇ ਫਿਰ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਸੀਰੀਜ਼ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਪਿਛਲੇ ਮਹੀਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਤੋਂ ਬਾਅਦ ਹੀ ਰਾਹੁਲ ਦ੍ਰਾਵਿੜ ਦਾ ਕੋਚ ਵਜੋਂ ਕਾਰਜਕਾਲ ਖਤਮ ਹੋ ਗਿਆ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ।

ਗੰਭੀਰ ਸ਼੍ਰੀਲੰਕਾ ਸੀਰੀਜ਼ ਤੋਂ ਕਰਨਗੇ ਸ਼ੁਰੂਆਤ

ਹੁਣ ਗੰਭੀਰ ਇਸ ਸ਼੍ਰੀਲੰਕਾ ਦੌਰੇ ਤੋਂ ਹੀ ਆਪਣੀ ਕੋਚਿੰਗ ਸ਼ੁਰੂ ਕਰਨਗੇ।  ਹਾਲਾਂਕਿ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਦਾ ਐਲਾਨ ਇਸ ਹਫਤੇ ਦੇ ਅੰਤ 'ਚ ਕੀਤਾ ਜਾਵੇਗਾ। ਇਸ ਦੌਰੇ ਲਈ ਭਾਰਤੀ ਟੀ-20 ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਸੌਂਪੀ ਜਾ ਸਕਦੀ ਹੈ। ਜਦੋਂਕਿ ਵਨਡੇ ਦੀ ਕਮਾਨ ਕੇਐਲ ਰਾਹੁਲ ਨੂੰ ਦਿੱਤੀ ਜਾ ਸਕਦੀ ਹੈ।

ਇਸ ਦਾ ਕਾਰਨ ਰੋਹਿਤ ਸ਼ਰਮਾ ਦਾ ਆਰਾਮ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਰੋਹਿਤ ਇਸ ਦੌਰੇ ਤੋਂ ਆਰਾਮ ਵੀ ਲੈ ਸਕਦੇ ਹਨ। ਜਦੋਂ ਕਿ ਉਨ੍ਹਾਂ ਨੇ ਵਿਸ਼ਵ ਕੱਪ ਤੋਂ ਬਾਅਦ ਹੀ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ ਸੀ। ਅਜਿਹੇ 'ਚ ਹਾਰਦਿਕ ਟੀ-20 ਅਤੇ ਰਾਹੁਲ ਵਨਡੇ 'ਚ ਕਪਤਾਨ ਬਣ ਸਕਦੇ ਹਨ।

ਟੀ-20 ਮੈਚ ਸ਼ਾਮ ਨੂੰ ਅਤੇ ਵਨਡੇ ਮੈਚ ਦੁਪਹਿਰ ਨੂੰ ਹੋਣਗੇ

ਭਾਰਤੀ ਟੀਮ ਇਸ ਦੌਰੇ ਦੀ ਸ਼ੁਰੂਆਤ 26 ਜੁਲਾਈ ਨੂੰ ਕਰੇਗੀ। ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਹ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਪੱਲੇਕੇਲੇ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ।

ਪਹਿਲਾ ਵਨਡੇ ਮੈਚ 1 ਅਗਸਤ ਨੂੰ ਹੋਵੇਗਾ। ਇਸ ਸੀਰੀਜ਼ ਦੇ ਸਾਰੇ ਵਨਡੇ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਖੇਡੇ ਜਾਣਗੇ। 50-50 ਓਵਰਾਂ ਦੇ ਇਹ ਇੱਕ ਰੋਜ਼ਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਤੋਂ ਖੇਡੇ ਜਾਣਗੇ।

ਭਾਰਤ-ਸ਼੍ਰੀਲੰਕਾ ਦਾ ਸ਼ਡਿਊਲ

26 ਜੁਲਾਈ- ਪਹਿਲਾ ਟੀ-20, ਪੱਲੇਕੇਲੇ
27 ਜੁਲਾਈ- ਦੂਜਾ ਟੀ-20, ਪੱਲੇਕੇਲੇ
29 ਜੁਲਾਈ- ਤੀਜਾ ਟੀ-20, ਪੱਲੇਕੇਲੇ
1 ਅਗਸਤ- ਪਹਿਲਾ ਵਨਡੇ, ਕੋਲੰਬੋ
4 ਅਗਸਤ- ਦੂਜਾ ਵਨਡੇ, ਕੋਲੰਬੋ
7 ਅਗਸਤ- ਤੀਜਾ ਵਨਡੇ, ਕੋਲੰਬੋ


author

Tarsem Singh

Content Editor

Related News