ਮਲੇਸ਼ੀਆ ਵਿਰੁੱਧ ਪੈਨਲਟੀ ਕਾਰਨਰ ’ਤੇ ਰਹੇਗਾ ਭਾਰਤੀ ਹਾਕੀ ਟੀਮ ਦਾ ਫੋਕਸ

Sunday, Aug 06, 2023 - 11:57 AM (IST)

ਮਲੇਸ਼ੀਆ ਵਿਰੁੱਧ ਪੈਨਲਟੀ ਕਾਰਨਰ ’ਤੇ ਰਹੇਗਾ ਭਾਰਤੀ ਹਾਕੀ ਟੀਮ ਦਾ ਫੋਕਸ

ਚੇਨਈ, (ਭਾਸ਼ਾ)– ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਦੇ ਅਗਲੇ ਮੈਚ ’ਚ ਐਤਵਾਰ ਭਾਵ ਅੱਜ ਮਲੇਸ਼ੀਆ ਨਾਲ ਖੇਡੇਗੀ ਤਾਂ ਫੋਕਸ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੀ ਕੋਸ਼ਿਸ਼ ’ਚ ਸੁਧਾਰ ਕਰਨ ’ਤੇ ਹੋਵੇਗਾ। ਜਾਪਾਨ ਵਿਰੁੱਧ ਸ਼ੁੱਕਰਵਾਰ ਨੂੰ ਮੇਯਰ ਰਾਧਾਕ੍ਰਿਸ਼ਣਨ ਹਾਕੀ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਭਾਰਤ ਨੂੰ 15 ਪੈਨਲਟੀ ਕਾਰਨਰ ਮਿਲੇ ਪਰ ਇਕ ਹੀ ਗੋਲ ਹੋ ਸਕਿਆ। ਭਾਰਤ ਕੋਲ ਕਪਤਾਨ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹਿਦਾਸ ਤੇ ਜੁਗਰਾਜ ਸਿੰਘ ਵਰਗੇ ਧੁਨੰਤਰ ਹੁੰਦੇ ਹੋਏ ਵੀ ਅਜਿਹਾ ਪ੍ਰਦਰਸ਼ਨ ਚਿੰਤਾ ਦਾ ਸਬੱਬ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੇ ਕੈਨੇਡਾ ਵਿਸ਼ਵ ਪੁਲਸ ਖੇਡਾਂ ’ਚ ਕਰਵਾਈ ਬੱਲੇ-ਬੱਲੇ, ਜਿੱਤੇ ਸੋਨ ਤਮਗੇ

ਚੀਨ ਵਿਰੁੱਧ ਪਹਿਲੇ ਮੈਚ ’ਚ ਭਾਰਤ ਨੇ 7-2 ਨਾਲ ਜਿੱਤ ਦਰਜ ਕੀਤੀ ਸੀ, ਜਿਸ ’ਚ 6 ਗੋਲ ਪੈਨਲਟੀ ਕਾਰਨਰ ’ਤੇ ਹੋਏ ਸਨ। ਜਾਪਾਨ ਨੇ ਭਾਰਤ ਨੂੰ 1-1 ਨਾਲ ਡਰਾਅ ’ਤੇ ਰੋਕਿਆ। ਹਰਮਨਪ੍ਰੀਤ ਸਿੰਘ ਨੇ ਇਕਲੌਤਾ ਗੋਲ ਪੈਨਲਟੀ ਕਾਰਨਰ ’ਤੇ ਕੀਤਾ। ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਚਿੰਤਾ ਜਤਾਈ ਪਰ ਕਿਹਾ ਕਿ ਟੀਮ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤੋਂ ਜ਼ਿਆਦਾ ਦੂਰ ਨਹੀਂ ਹੈ। ਉਸ ਨੇ ਕਿਹਾ, ‘‘ਮੌਕਿਆਂ ਦਾ ਫਾਇਦਾ ਨਾ ਚੁੱਕਣ ਤੋਂ ਕੋਚ ਦਾ ਚਿੰਤਿਤ ਹੋਣਾ ਸੁਭਾਵਿਕ ਹੈ। ਅਸੀਂ ਆਪਣੀ ਰਣਨੀਤੀ ’ਤੇ ਅਮਲ ਨਹੀਂ ਕਰ ਰਹੇ, ਅਜਿਹਾ ਨਹੀਂ ਹੈ। ਅਸੀਂ ਪ੍ਰਫੈਕਟ ਫਿਨਿਸ਼ਿੰਗ ਤੋਂ ਕੁਝ ਹੀ ਦੂਰ ਹਾਂ।’’

ਇਹ ਵੀ ਪੜ੍ਹੋ : ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਜਿੱਤੇ ਮੈਡਲਾਂ ਦੇ ਗੱਫੇ

ਪੈਨਲਟੀ ਕਾਰਨਰ ’ਤੇ ਜ਼ਿਆਦਾਤਰ ਨਿਰਭਰਤਾ ਵੀ ਭਾਰਤ ਦੀ ਚਿੰਤਾ ਦਾ ਕਾਰਨ ਹੈ। ਖਿਡਾਰੀ ਸਰਕਲ ਦੇ ਅੰਦਰ ਜਾਣ ਜਾਂ ਫੀਲਡ ਗੋਲ ਕਰਨ ਤੋਂ ਬਚ ਰਹੇ ਹਨ। ਕਪਤਾਨ ਹਰਮਨਪ੍ਰੀਤ ਨੇ ਕਿਹਾ,‘‘ਅਸੀਂ ਉਸ ਤਰ੍ਹਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਅਸੀਂ ਪਹਿਲੇ ਮੈਚ ’ਚ ਗੋਲ ਕੀਤੇ। ਕੁਝ ਨਵਾਂ ਵੀ ਕਰਾਂਗੇ।’’ ਭਾਰਤ ਨੂੰ ਹੁਣ ਮਲੇਸ਼ੀਆ ਨਾਲ ਖੇਡਣਾ ਹੈ, ਜਿਸ ਨੇ ਪਾਕਿਸਤਾਨ ਨੂੰ 3-1 ਨਾਲ ਤੇ ਜਾਪਾਨ ਨੂੰ 5-1 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਉਹ ਅੰਕ ਸੂਚੀ ’ਚ ਚੋਟੀ ’ਤੇ ਹੈ ਤੇ ਉਸਦੇ ਖਿਡਾਰੀ ਫਰਹਾਨ ਅਸ਼ਾਰੀ ਨੇ ਸਭ ਤੋਂ ਵੱਧ ਚਾਰ ਗੋਲ ਕੀਤੇ ਹਨ ਤੇ ਇਹ ਸਾਰੇ ਫੀਲਡ ਗੋਲ ਹਨ। ਇਸ ਲਈ ਭਾਰਤੀ ਡਿਫੈਂਸ ਨੂੰ ਕਾਫੀ ਮਿਹਨਤ ਕਰਨੀ ਪਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News