ਵਿਦਰਭ ਦੇ ਸਿਰ ਸਜਿਆ ਇਰਾਨੀ ਕੱਪ ਦਾ ਤਾਜ

Monday, Mar 19, 2018 - 03:20 AM (IST)

ਵਿਦਰਭ ਦੇ ਸਿਰ ਸਜਿਆ ਇਰਾਨੀ ਕੱਪ ਦਾ ਤਾਜ

ਨਾਗਪੁਰ- ਰਣਜੀ ਚੈਂਪੀਅਨ ਵਿਦਰਭ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੱਥੇ ਮੈਚ ਦੇ 5ਵੇਂ ਤੇ ਆਖਰੀ ਦਿਨ ਐਤਵਾਰ ਨੂੰ ਰੈਸਟ ਆਫ ਇੰਡੀਆ ਵਿਰੁੱਧ ਮੈਚ ਡਰਾਅ ਖਤਮ ਹੋਇਆ ਪਰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਇਰਾਨੀ ਕੱਪ 2017-18 ਦਾ ਖਿਤਾਬ ਵਿਦਰਭ ਦੇ ਸਿਰ ਸਜ ਗਿਆ।
ਵਿਦਰਭ ਦੀ ਪਹਿਲੀ ਪਾਰੀ ਵਿਚ 286 ਦੌੜਾਂ ਦੀ ਸ਼ਾਨਦਾਰ ਦੋਹਰੇ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ 40 ਸਾਲ ਦੇ ਵਸੀਮ ਜਾਫਰ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਵਿਦਰਭ ਨੇ ਰੈਸਟ ਆਫ ਇੰਡੀਆ ਵਿਰੁੱਧ ਪਹਿਲੀ ਪਾਰੀ ਵਿਚ 7 ਵਿਕਟਾਂ 'ਤੇ 800 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਖਤਮ ਐਲਾਨ ਕਰ ਦਿੱਤੀ ਸੀ, ਜਿਹੜਾ ਇਰਾਨੀ ਕੱਪ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਸਕੋਰ ਵੀ ਹੈ।
ਰੈਸਟ ਆਫ ਇੰਡੀਆ ਆਪਣੀ ਪਹਿਲੀ ਪਾਰੀ ਵਿਚ 129.1 ਓਵਰਾਂ ਵਿਚ 390 ਦੌੜਾਂ 'ਤੇ ਆਲ ਆਊਟ ਹੋ ਗਈ। ਵਿਦਰਭ ਨੇ 410 ਦੌੜਾਂ ਦੀ ਬੜ੍ਹਤ ਦੇ ਬਾਵਜੂਦ ਰੈਸਟ ਆਫ ਇੰਡੀਆ ਤੋਂ ਫਾਲੋਆਨ ਨਹੀਂ ਕਰਵਾਇਆ ਤੇ ਦੂਜੀ ਪਾਰੀ ਵਿਚ ਬੱਲੇਬਾਜ਼ੀ ਕੀਤੀ। ਵਿਦਰਭ ਨੇ 26 ਓਵਰਾਂ ਦੀ ਖੇਡ ਵਿਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ 79 ਦੌੜਾਂ ਬਣਾਈਆਂ ਤੇ ਮੈਚ ਡਰਾਅ ਖਤਮ ਹੋਇਆ। ਵਿਦਰਭ ਨੂੰ ਉਸਦੀ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਇਰਾਨੀ ਕੱਪ ਚੈਂਪੀਅਨ ਐਲਾਨ ਕਰ ਦਿੱਤਾ ਗਿਆ।


Related News