ਚੈਂਪੀਅਨ ਚੈੱਸ ਟੂਰ ''ਚ ਭਾਰਤ ਵਲੋਂ ਵਿਦਿਤ ਗੁਜਰਾਤੀ ਖੇਡੇਗਾ
Monday, Nov 16, 2020 - 01:19 AM (IST)

ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– 22 ਨਵੰਬਰ ਤੋਂ ਸ਼ੁਰੂ ਹੋ ਰਹੇ ਚੈਂਪੀਅਨ ਚੈੱਸ ਟੂਰ ਦੇ ਪਹਿਲੇ ਵੱਡੇ ਟੂਰਨਾਮੈਂਟ ਸਿਕਲਿੰਗ ਓਪਨ ਵਿਚ ਭਾਰਤ ਨੂੰ ਓਲੰਪਿਆਡ ਸੋਨ ਤਮਗਾ ਦਿਵਾਉਣ ਵਾਲੀ ਟੀਮ ਦੇ ਕਪਤਾਨ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦਿਤ ਲਈ ਇਹ ਇਕ ਬੇਹੱਦ ਵੱਡਾ ਮੌਕਾ ਹੋਵੇਗਾ ਜਦੋਂ ਉਹ ਦੁਨੀਆ ਦੇ ਧਾਕੜ ਖਿਡਾਰੀਆਂ ਦੇ ਸਾਹਮਣੇ ਆਪਣੇ ਹੁਨਰ ਦੀ ਪਛਾਣ ਕਰਵਾਏਗਾ। ਪ੍ਰਤੀਯਿਗਤਾ ਵਿਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਇਲਾਵਾ ਚੀਨ ਦਾ ਡਿੰਗ ਲੀਰੇਨ, ਅਜਰਬੈਜਾਨ ਦਾ ਤੈਮੂਰ ਰਦਰਜਾਬੋਵ, ਸਪੇਨ ਦਾ ਡੇਵਿਡ ਅੰਟੋਨ, ਰੂਸ ਦਾ ਸੇਰਗੀ ਕਾਰਯਾਕਿਨ, ਵੀਅਤਨਾਮ ਦਾ ਲੇ ਕੂਯਾਂਗ ਲਿਮ, ਅਮਰੀਕਾ ਦਾ ਵੇਸਲੀ ਸੋ, ਨੀਦਰਲੈਂਡ ਦਾ ਅਨੀਸ਼ ਗਿਰੀ, ਪੋਲੈਂਡ ਦਾ ਜਾਨ ਡੂਡਾ ਤੇ ਫਰਾਂਸ ਦਾ ਮੈਕਿਸਮ ਲਾਗ੍ਰੇਵ ਦਾ ਖੇਡਣਾ ਤੈਅ ਹੋ ਚੁੱਕਾ ਹੈ ਜਦਕਿ ਆਉਣ ਵਾਲੇ ਕੁਝ ਦਿਨਾਂ ਵਿਚ 4 ਨਾਵਾਂ ਦਾ ਹੋਰ ਐਲਾਨ ਕੀਤਾ ਜਾਵੇਗਾ।
ਚੈਂਪੀਅਨ ਚੈੱਸ ਟੂਰ ਵਿਚ ਨੰਵਬਰ ਤੋਂ ਲੈ ਕੇ ਅਗਲੇ ਸਾਲ ਸਤੰਬਰ ਤਕ 3 ਮੇਜਰ, 6 ਰੈਗੂਲਰ ਤੇ 1 ਫਾਈਨਲ ਮਿਲਾ ਕੇ ਕੁਲ 10 ਆਨਲਾਈਨ ਸ਼ਤਰੰਜ ਟੂਰਨਾਮੈਂਟ ਖੇਡੇ ਜਾਣਗੇ। ਵੱਡੀ ਗੱਲ ਇਹ ਹੈ ਕਿ ਇਸਦੀ ਇਨਾਮੀ ਰਾਸ਼ੀ ਹੁਣ ਤਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੋਵੇਗੀ ਅਰਥਾਤ ਤਕਰੀਬਨ 11 ਕਰੋੜ 25 ਲੱਖ ਰੁਪਏ ਦੇ ਕੁਲ ਇਨਾਮ ਇਸ ਟੂਰਨਾਮੈਂਟ ਵਿਚ ਦਿੱਤੇ ਜਾਣਗੇ। ਇਹ ਸਾਰੇ ਮੁਕਾਬਲੇ ਰੈਪਿਡ ਸ਼ਤਰੰਜ ਮੁਕਾਬਲੇ ਹੋਣਗੇ।