ਟੈਸਟ ਰੈਂਕਿੰਗ : ਵਿਰਾਟ ਤੇ ਸਮਿਥ ਨੂੰ ਪਛਾੜ ਨੰਬਰ ਵਨ ਬਣਿਆ ਵਿਲੀਅਮਸਨ

Friday, Jan 01, 2021 - 02:28 AM (IST)

ਟੈਸਟ ਰੈਂਕਿੰਗ : ਵਿਰਾਟ ਤੇ ਸਮਿਥ ਨੂੰ ਪਛਾੜ ਨੰਬਰ ਵਨ ਬਣਿਆ ਵਿਲੀਅਮਸਨ

ਦੁਬਈ– ਨਿਊਜ਼ੀਲੈਂਡ ਕ੍ਰਿਕਟ ਦਾ ਸਿਤਾਰਾ ਇਸ ਸਮੇਂ ਬੁਲੰਦੀ ’ਤੇ ਹੈ। ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਆਪਣੇ 90 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਟੈਸਟ ਰੈਂਕਿੰਗ ਵਿਚ ਨੰਬਰ-1 ਟੀਮ ਬਣ ਗਈ ਹੈ ਤੇ ਇਸ ਤੋਂ ਬਾਅਦ 24 ਘੰਟੇ ਬਾਅਦ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਭਾਰਤ ਦੇ ਵਿਰਾਟ ਕੋਹਲੀ ਤੇ ਆਸਟਰੇਲੀਆ ਦੇ ਸਟੀਵ ਸਮਿਥ ਨੂੰ ਪਛਾੜ ਕੇ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਨੰਬਰ-1 ਬੱਲੇਬਾਜ਼ ਬਣ ਗਿਆ ਹੈ।
ਵਿਲੀਅਮਸਨ ਨੂੰ ਪਾਕਿਸਤਾਨ ਵਿਰੁੱਧ ਮਾਊਂਟ ਮੌਂਗਾਨੂਈ ਵਿਚ ਪਹਿਲੇ ਟੈਸਟ ਵਿਚ ਸੈਂਕੜੇ ਵਾਲੀ ਪਾਰੀ ਖੇਡਣ ਦਾ ਫਾਇਦਾ ਮਿਲਿਆ। ਉਸ ਨੂੰ 13 ਰੇਟਿੰਗ ਅੰਕ ਮਿਲੇ ਤੇ ਉਹ ਵਿਰਾਟ ਤੇ ਸਮਿਥ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਪਹੁੰਚ ਹੋ ਗਿਆ। ਵੀਰਵਾਰ ਨੂੰ ਜਾਰੀ ਤਾਜਾ ਟੈਸਟ ਰੈਂਕਿੰਗ ਵਿਚ ਵਿਰਾਟ ਆਪਣੇ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ ਜਦਕਿ ਸਮਿਥ ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਦੂਜੇ ਟੈਸਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਕਾਰਣ ਆਪਣਾ ਚੋਟੀ ਦਾ ਸਥਾਨ ਗੁਆ ਕੇ ਤੀਜੇ ਸਥਾਨ ’ਤੇ ਖਿਸਕ ਗਿਆ ਹੈ।

PunjabKesari
ਕੀਵੀ ਕਪਤਾਨ ਰੈਂਕਿੰਗ ਵਿਚ ਵਿਰਾਟ ਤੋਂ 11 ਤੇ ਸਮਿਥ ਤੋਂ 13 ਅੰਕ ਅੱਗੇ ਹੋ ਗਿਆ ਹੈ। ਵਿਲੀਅਮਸਨ ਦੇ 890 ਅੰਕ, ਵਿਰਾਟ ਦੇ 879 ਅੰਕ ਤੇ ਸਮਿਥ ਦੇ 877 ਅੰਕ ਹਨ । ਵਿਰਾਟ ਆਸਟਰੇਲੀਆ ਵਿਚ ਪਹਿਲਾ ਟੈਸਟ ਖੇਡਣ ਤੋਂ ਬਾਅਦ ਵਤਨ ਪਰਤ ਚੁੱਕਾ ਹੈ ਤੇ ਉਸਦੀ ਜਗ੍ਹਾ ਅਜਿੰਕਯ ਰਹਾਨੇ ਟੀਮ ਦੀ ਕਪਤਾਨੀ ਸੰਭਾਲ ਰਿਹਾ ਹੈ।
ਵਿਲੀਅਮਸਨ ਨੇ ਸਾਲ ਦੇ ਅੰਤ ਵਿਚ ਸਮਿਥ ਨੂੰ ਚੋਟੀ ਸਥਾਨ ਤੋਂ ਹਟਾ ਦਿੱਤਾ ਹੈ ਤੇ ਨੰਬਰ ਇਕ ਟੈਸਟ ਬੱਲੇਬਾਜ਼ ਬਣ ਗਿਆ ਹੈ। ਸਮਿਥ ਨੂੰ ਮੈਲਬੋਰਨ ਵਿਚ 0 ਤੇ 8 ਦੌੜਾਂ ਬਣਾਉਣ ਦਾ ਨੁਕਸਾਨ ਚੁੱਕਣਾ ਪਿਆ। ਵਿਲੀਅਮਸਨ ਸਾਲ 2015 ਦੇ ਅੰਤ ਵਿਚ ਕੁਝ ਸਮੇਂ ਲਈ ਨੰਬਰ ਇਕ ਬੱਲੇਬਾਜ਼ ਬਣਿਆ ਸੀ। ਉਸ ਨੇ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਵਿਚ 129 ਤੇ 21 ਦੌੜਾਂ ਬਣਾਈਆਂ, ਮੈਨ ਆਫ ਦਿ ਮੈਚ ਬਣਿਆ ਤੇ ਹੁਣ ਨੰਬਰ ਇਕ ਟੈਸਟ ਬੱਲੇਬਾਜ਼ ਵੀ ਬਣ ਗਿਆ ਹੈ।

PunjabKesari
ਆਸਟਰੇਲੀਆ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਮੈਲਬੋਰਨ ਵਿਚ 4 ਵਿਕਟਾਂ ਹਾਸਲ ਕਰਨ ਦੀ ਬਦੌਲਤ ਆਪਣੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ਦੀ ਬਰਾਬਰੀ ’ਤੇ ਪਹੁੰਚ ਗਿਆ ਹੈ। ਮੈਥਿਊ ਵੇਡ 55ਵੇਂ ਤੋਂ 50ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕੈਮਰੂਨ ਗ੍ਰੀਨ 36 ਸਥਾਨਾਂ ਦੇ ਸੁਧਾਰ ਨਾਲ 115ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦਾ ਰੋਸ ਟੇਲਰ 3 ਸਥਾਨਾਂ ਦੇ ਸੁਧਾਰ ਨਾਲ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਤੇਜ਼ ਗੇਂਦਬਾਜ਼ ਕਾਇਲ ਜੈਮਿਸਨ 5 ਵਿਕਟਾਂ ਦੀ ਬਦੌਲਤ 30ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਪਹਿਲੇ ਟੈਸਟ ਵਿਚ ਸੈਂਕੜਾ ਬਣਾਉਣ ਵਾਲਾ ਪਾਕਿਸਤਾਨ ਦਾ ਫਵਾਦ ਆਲਮ 80 ਸਥਾਨਾਂ ਦੇ ਸੁਧਾਰ ਨਾਲ 102ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕਪਤਾਨ ਮੁਹੰਮਦ ਰਿਜ਼ਵਾਨ 71 ਤੇ 60 ਦੌੜਾਂ ਦੇ ਪ੍ਰਦਰਸ਼ਨ ਦੀ ਬਦੌਲਤ 27 ਸਥਾਨਾਂ ਦੇ ਸੁਧਾਰ ਨਾਲ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 47ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸੈਂਚੂਰੀਅਨ ਵਿਚ 199 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਪਾਰੀ ਖੇਡਣ ਵਾਲਾ ਦੱਖਣੀ ਅਫਰੀਕਾ ਦਾ ਫਾਫ ਡੂ ਪਲੇਸਿਸ 14 ਸਥਾਨਾਂ ਦੇ ਸੁਧਾਰ ਨਾਲ 21ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਰਹਾਨੇ 5 ਸਥਾਨਾਂ ਦੇ ਸੁਧਾਰ ਨਾਲ ਫਿਰ ਟਾਪ-10 ’ਚ

PunjabKesari
ਮੈਲਬੋਰਨ ਵਿਚ ਆਪਣੀ ਕਪਤਾਨੀ ਵਿਚ ਭਾਰਤ ਨੂੰ 8 ਵਿਕਟਾਂ ਨਾਲ ਜਿੱਤ ਦਿਵਾਉਣ ਵਾਲਾ ਰਹਾਨੇ ਬਾਕਸਿੰਗ-ਡੇ ਟੈਸਟ ਵਿਚ 112 ਤੇ ਅਜੇਤੂ 27 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ 5 ਸਥਾਨਾਂ ਦੇ ਸੁਧਾਰ ਨਾਲ ਫਿਰ ਤੋਂ ਟਾਪ-10 ਬੱਲੇਬਾਜ਼ਾਂ ਵਿਚ ਸ਼ਾਮਲ ਹੋ ਗਿਆ ਹੈ। ਰਹਾਨੇ 6ਵੇਂ ਸਥਾਨ ’ਤੇ ਪਹੁੰਚ ਗਿਆ ਹੈ ਤੇ ਅਜੇ ਉਹ ਪਿਛਲੇ ਸਾਲ ਅਕਤੂਬਰ ਵਿਚ ਹਾਸਲ 5ਵੇਂ ਸਥਾਨ ਦੀ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਤੋਂ ਇਕ ਸਥਾਨ ਪਿੱਛੇ ਹੈ। ਆਫ ਸਪਿਨਰ ਆਰ. ਅਸ਼ਵਿਨ ਨੂੰ ਮੈਲਬੋਰਨ ਵਿਚ ਆਪਣੀਆਂ 5 ਵਿਕਟਾਂ ਦੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ ਤੇ ਉਹ 2 ਸਥਾਨਾਂ ਦੇ ਸੁਧਾਰ ਨਾਲ 7ਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਜਡੇਜਾ ਆਲਰਾਊਂਡਰਾਂ ’ਚ ਤੀਜੇ ਸਥਾਨ ’ਤੇ ਬਰਕਰਾਰ

PunjabKesari
ਮੈਲਬੋਰਨ ਵਿਚ ਦੂਜੇ ਟੈਸਟ ਵਿਚ 57 ਦੌੜਾਂ ਬਣਾਉਣ ਤੋਂ ਇਲਾਵਾ 3 ਵਿਕਟਾਂ ਲੈਣ ਵਾਲਾ ਆਲਰਾਊਂਡਰ ਰਵਿੰਦਰ ਜਡੇਜਾ ਆਲਰਾਊਂਡਰ ਰੈਂਕਿੰਗ ਵਿਚ ਆਪਣੇ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ ਪਰ ਉਸ ਨੇ ਦੂਜੇ ਸਥਾਨ ’ਤੇ ਮੌਜੂਦਾ ਵੈਸਟਇੰਡੀਜ਼ ਦੇ ਜੈਸਨ ਹੋਲਡਰ ਤੋਂ ਆਪਣੇ ਅੰਕਾਂ ਦਾ ਫਰਕ ਘੱਟ ਕਰਕੇ 7 ਅੰਕ ਕਰ ਲਿਆ ਹੈ। ਹੋਲਡਰ ਦੇ 423 ਤੇ ਜਡੇਜਾ ਦਾ 416 ਅੰਕ ਹਨ। ਇੰਗਲੈਂਡ ਦਾ ਬੇਨ ਸਟੋਕਸ 446 ਅੰਕਾਂ ਨਾਲ ਚੋਟੀ ਦੇ ਸਥਾਨ ’ਤੇ ਬਣਿਆ ਹੋਇਆ ਹੈ। ਜਡੇਜਾ ਨੂੰ ਬਾਕਸਿੰਗ-ਡੇ ਟੈਸਟ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ ਤੇ ਉਹ ਕ੍ਰਮਵਾਰ 11 ਤੇ 4 ਸਥਾਨਾਂ ਦੇ ਸੁਧਾਰ ਨਾਲ ਬੱਲੇਬਾਜ਼ੀ ਤੇ ਗੇਂਦਬਾਜ਼ੀ ਰੈਂਕਿੰਗ ਵਿਚ 36ਵੇਂ ਤੇ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਮੈਲਬੋਰਨ ਵਿਚ ਯਾਦਗਾਰ ਟੈਸਟ ਡੈਬਿਊ ਕਰਨ ਵਾਲੇ ਤੇ ਭਾਰਤ ਦੀ 8 ਵਿਕਟਾਂ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਟੈਸਟ ਰੈਂਕਿੰਗ ਵਿਚ ਕ੍ਰਮਵਾਰ 76ਵੇਂ ਤੇ 77ਵੇਂ ਸਥਾਨ ’ਤੇ ਪ੍ਰਵੇਸ਼ ਕੀਤਾ ਹੈ। ਨੌਜਵਾਨ ਬੱਲੇਬਾਜ਼ ਗਿੱਲ ਨੇ ਆਸਟਰੇਲੀਆਈ ਹਮਲੇ ਦੇ ਸਾਹਮਣੇ ਬੇਖੌਫ ਬੱਲੇਬਾਜ਼ੀ ਕਰਦੇ ਹੋਏ 45 ਤੇ ਅਜੇਤੂ 35 ਦੌੜਾਂ ਬਣਾਈਆਂ ਜਦਕਿ ਆਪਣੀ ਤੇਜ਼ ਤੇ ਅਨੁਸ਼ਾਸਨ ਨਾਲ ਪ੍ਰਭਾਵਿਤ ਕਰਨ ਵਾਲੇ ਸਿਰਾਜ ਨੇ ਮੈਚ ਵਿਚ 5 ਵਿਕਟਾਂ ਹਾਸਲ ਕੀਤੀਆਂ। ਭਾਰਤ ਦੇ ਸਭ ਤੋਂ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਮੈਲਬੋਰਨ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਦੋ ਸਥਾਨਾਂ ਦਾ ਨੁਕਸਾਨ ਚੁੱਕਣਾ ਪਿਆ ਤੇ ਉਹ 10ਵੇਂ ਸਥਾਨ ’ਤੇ ਖਿਸਕ ਗਿਆ ਹੈ।

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News