ਫਾਈਨਲ ਦੀ ਟਿਕਟ ਲਈ ਕੀਵੀਆਂ ਨੂੰ ਢਾਹੁਣ ਉਤਰੇਗੀ ਟੀਮ ਇੰਡੀਆ, ਅੱਜ ਵਾਨਖੇੜੇ ’ਚ ਫਸਣਗੇ ਕੁੰਡੀਆਂ ਦੇ ਸਿੰਙ
Wednesday, Nov 15, 2023 - 11:30 AM (IST)
ਮੁੰਬਈ–ਲੀਗ ਗੇੜ ਵਿਚ ਲਗਾਤਾਰ 9 ਮੈਚ ਜਿੱਤ ਚੁੱਕੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰਪੂਰ ਹੈ ਪਰ ਹੁਣ ਨਾਕਆਊਟ ਗੇੜ ਵਿਚ ਪਿਛਲਾ ਪ੍ਰਦਰਸ਼ਨ ਮਾਇਨੇ ਨਹੀਂ ਰੱਖਦਾ ਤੇ ਅੱਜ ਭਾਵ ਬੁੱਧਵਾਰ ਨੂੰ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁੱਧ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਮਾਨਚੈਸਟਰ ਵਿਚ 2019 ਵਿਸ਼ਵ ਕੱਪ ਵਿਚ ਇਸੇ ਟੀਮ ਹੱਥੋਂ ਮਿਲੀ ਹਾਰ ਅਜੇ ਵੀ ਭਾਰਤੀ ਟੀਮ ਦੇ ਦਿਮਾਗ ਵਿਚ ਤਾਜ਼ਾ ਹੋਵੇਗੀ। ਨਿਊਜ਼ੀਲੈਂਡ ਨੇ 2021 ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਭਾਰਤ ਨੂੰ ਹਰਾਇਆ ਸੀ। ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਇੰਨਾ ਜ਼ਬਰਦਸਤ ਰਿਹਾ ਹੈ ਕਿ ਖਿਤਾਬ ਦਾ ਇੰਤਜ਼ਾਰ ਖਤਮ ਹੋਣ ਦੀਆਂ ਉਮੀਦਾਂ ਬੱਝੀਆਂ ਹਨ।
ਰੋਹਿਤ ਸ਼ਰਮਾ ਦੀ ਟੀਮ ਨੂੰ ਬਾਖੂਬੀ ਪਤਾ ਹੈ ਕਿ ਵਾਨਖੇੜੇ ਸਟੇਡੀਅਮ ਵਿਚ ਕੋਈ ਵੀ ਖੁੰਝ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ। ਇਸ ਵਾਨਖੇੜੇ ਸਟੇਡੀਅਮ ਵਿਚ 2011 ਵਿਚ ਭਾਰਤ ਨੇ 28 ਸਾਲ ਬਾਅਦ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ। ਉਮੀਦਾਂ ਦੇ ਭਾਰੀ ਦਬਾਅ ’ਤੇ ਭਾਰਤ ਨੂੰ ਖਰਾ ਉਤਰਨਾ ਪਵੇਗਾ।
ਇਹ ਵੀ ਪੜ੍ਹੋ : ਕੇਨ ਵਿਲੀਅਮਸਨ ਨੂੰ ਰੋਕਣਾ ਭਾਰਤੀ ਗੇਂਦਬਾਜ਼ਾਂ ਲਈ ਚੁਣੌਤੀ ਹੋਵੇਗੀ : ਗਾਵਸਕਰ
ਕਪਤਾਨ ਰੋਹਿਤ ਤੇ ਕੋਚ ਰਾਹੁਲ ਦ੍ਰਾਵਿੜ ਨੂੰ ਪਤਾ ਹੈ ਕਿ ਉਮੀਦਾਂ ’ਤੇ ਖਰਾ ਨਾ ਉੱਤਰ ਸਕਣ ’ਤੇ ਕੀ ਹੁੰਦਾ ਹੈ। ਉਨ੍ਹਾਂ ਨੂੰ ਹਾਲਾਂਕਿ ਆਪਣੇ ਖਿਡਾਰੀਆਂ ਵਿਚੋਂ ਅਸਫਲਤਾ ਦਾ ਡਰ ਕੱਢ ਕੇ ਉਨ੍ਹਾਂ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਨਾ ਪਵੇਗਾ। ਭਾਰਤ ਕ੍ਰਿਕਟ ਪ੍ਰੇਮੀ ਦੁਆ ਕਰਨਗੇ ਕਿ ਰੋਹਿਤ ਟਾਸ ਜਿੱਤ ਕੇ ਸਹੀ ਫੈਸਲਾ ਲਵੇ।
ਇਸ ਮੈਦਾਨ ’ਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਫਲੱਡ ਲਾਈਟਾਂ ਵਿਚ ਜਲਦੀ ਵਿਕਟਾਂ ਗੁਆਉਂਦੀ ਆਈ ਹੈ ਕਿਉਂਕਿ ਨਵੀਂ ਗੇਂਦ ਨੂੰ ਜ਼ਬਰਦਸਤ ਸਵਿੰਗ ਮਿਲਦੀ ਹੈ। ਭਾਰਤ ਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਨਵੀਂ ਗੇਂਦ ਨਾਲ ਖਤਰਨਾਕ ਸਾਬਤ ਹੋ ਸਕਦੇ ਹਨ। ਅਜਿਹੇ ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ’ਤੇ ਬਹੁਤ ਕੁਝ ਨਿਰਭਰ ਕਰੇਗਾ। ਰੋਹਿਤ ਹੁਣ ਤਕ ਟੂਰਨਾਮੈਂਟ ਵਿਚ 503 ਦੌੜਾਂ ਬਣਾ ਚੁੱਕਾ ਹੈ ਤੇ ਇਸ ਲੈਅ ਨੂੰ ਜਾਰੀ ਰੱਖਣਾ ਚਾਹੇਗਾ। ਗਿੱਲ ਨੇ 7 ਮੈਚਾਂ ਵਿਚ 270 ਦੌੜਾਂ ਹੀ ਬਣਾਈਆਂ ਹਨ ਤੇ ਉਹ ਇਕ ਖਾਸ ਪਾਰੀ ਖੇਡਣਾ ਚਾਹੇਗਾ। ਵਿਰਾਟ ਕੋਹਲੀ ਟੂਰਨਾਮੈਂਟ ਵਿਚ ਸਭ ਤੋਂ ਵੱਧ 594 ਦੌੜਾਂ ਬਣਾ ਚੁੱਕਾ ਹੈ ਤੇ ਵਨ ਡੇ ਵਿਚ ਰਿਕਾਰਡ 50ਵਾਂ ਸੈਂਕੜਾ ਬਣਾਉਣ ਦੇ ਨੇੜੇ ਹੈ। ਉਹ ਭਾਰਤ ਦੀ ਜਿੱਤ ਦੇ ਨਾਲ ਇਹ ਅੰਕੜਾ ਛੂਹਣਾ ਚਾਹੇਗਾ। ਕੋਹਲੀ ਸੈਮੀਫਾਈਨਲ ਵਿਚ ਜਲਦੀ ਆਊਟ ਹੋਣ ਦਾ ਸਿਲਸਿਲਾ ਵੀ ਤੋੜਨਾ ਚਾਹੇਗਾ। ਉਹ 2019 ਤੇ 2015 ਵਿਚ ਸੈਮੀਫਾਈਨਲ ਵਿਚ 1 ਦੌੜ ’ਤੇ ਆਊਟ ਹੋ ਗਿਆ ਸੀ। ਭਾਰਤ ਨੂੰ ਮੱਧਕ੍ਰਮ ਦੇ ਬੱਲੇਬਾਜ਼ਾਂ ਕੇ. ਐੱਲ. ਰਾਹੁਲ ਤੇ ਸ਼੍ਰੇਅਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਨੇ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ ਨੇ ਉਸਦਾ ਬਾਖੂਬੀ ਸਾਥ ਨਿਭਾਇਆ ਹੈ। ਇਸ ਵਿਸ਼ਵ ਕੱਪ ਵਿਚ ਭਾਰਤ ਦੀ ਸਫਲਤਾ ਦੀ ਕੁੰਜੀ ਉਸਦੇ ਗੇਂਦਬਾਜ਼ ਸਾਬਤ ਹੋਏ ਹਨ।
ਇਹ ਵੀ ਪੜ੍ਹੋ : CWC 23: ਜਿੱਤ ਦੇ 'ਰੱਥ' 'ਤੇ ਸਵਾਰ ਭਾਰਤ ਦਾ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਅਸਲ ਇਮਤਿਹਾਨ
ਦੂਜੇ ਪਾਸੇ ਨਿਊਜ਼ੀਲੈਂਡ ਕੋਲ ਵੀ ਟ੍ਰੈਂਟ ਬੋਲਟ, ਟਿਮ ਸਾਊਥੀ, ਲਾਕੀ ਫਰਗਿਊਸਨ ਵਰਗੇ ਤੇਜ਼ ਗੇਂਦਬਾਜ਼ ਤੇ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਵਰਗਾ ਤਜਰਬੇਕਾਰ ਗੇਂਦਬਾਜ਼ ਹੈ। ਬੱਲੇਬਾਜ਼ੀ ਵਿਚ ਨਿਊਜ਼ੀਲੈਂਡ ਕੋਲ ਤਜਰਬੇ ਦੀ ਕਮੀ ਨਹੀਂ ਹੈ। ਨੌਜਵਾਨ ਰਚਿਨ ਰਵਿੰਦਰ 565 ਦੌੜਾਂ ਬਣਾ ਚੁੱਕਾ ਹੈ ਤੇ ਇਸ ਟੂਰਨਾਮੈਂਟ ਦੀ ਖੋਜ ਰਿਹਾ ਹੈ। ਡੇਵੋਨ ਕਾਨਵੇ ਹਾਲਾਂਕਿ ਪਹਿਲੇ ਮੈਚ ਵਿਚ ਇੰਗਲੈਂਡ ਵਿਰੁੱਧ ਅਜੇਤੂ 152 ਦੌੜਾਂ ਬਣਾਉਣ ਤੋਂ ਬਾਅਦ ਕੋਈ ਵੱਡੀ ਪਾਰੀ ਨਹੀਂ ਖੇਡ ਸਕਿਆ ਹੈ। ਕਪਤਾਨ ਕੇਨ ਵਿਲੀਅਮਸਨ ਤੇ ਡੈਰਿਲ ਮਿਸ਼ੇਲ ਮੱਧਕ੍ਰਮ ਦੀ ਕਮਾਨ ਸੰਭਾਲਣਗੇ।
ਟੀਮਾਂ ਇਸ ਤਰ੍ਹਾਂ ਹਨ
ਭਾਰਤ-ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਆਰ. ਅਸ਼ਵਿਨ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਪ੍ਰਸਿੱਧ ਕ੍ਰਿਸ਼ਣਾ।
ਨਿਊਜ਼ੀਲੈਂਡ- ਕੇਨ ਵਿਲੀਅਮਸਨ (ਕਪਤਾਨ),ਟਾਮ ਲਾਥਮ , ਡੇਵੋਨ ਕਾਨਵੇ, ਵਿਲ ਯੰਗ, ਮਾਰਕੋ ਚੈਪਮੈਨ, ਡੈਰਿਲ ਮਿਸ਼ੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ , ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਟ੍ਰੈਂਟ ਬੋਲਟ, ਲਾਕੀ ਫਰਗਿਊਸਨ ਤੇ ਮੈਟ ਹੈਨਰੀ।
ਟੀਮ ਇੰਡੀਆ ਦੀ ਤਾਕਤ
ਕਿਸੇ ਇਕ ਨੂੰ ਚੁਣਨਾ ਮੁਸ਼ਕਿਲ ਹੈ ਕਿਉਂਕਿ ਹਰ ਵਿਭਾਗ ਵਿਚ ਟੀਮ ਕਮਾਲ ਕਰ ਰਹੀ ਹੈ। ਫਿਰ ਵੀ ਜੇਕਰ ਕੋਈ ਹੈ ਤਾਂ ਉਹ ਹੈ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ਼ ਦੀ ਤੇਜ਼ ਗੇਂਦਬਾਜ਼ੀ ਇਕਾਈ, ਜਿਸ ਨੇ ਵਿਰੋਧੀ ਟੀਮਾਂ ਨੂੰ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਕਰ ਦਿੱਤਾ ਹੈ। ਜ਼ਿਆਦਾਤਰ ਟੀਮਾਂ ਨੂੰ ਭਾਰਤ ਵਿਰੁੱਧ ਪਹਿਲੇ 10 ਓਵਰਾਂ ਵਿਚ 50 ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਅਜੇ ਤਕ ਭਾਰਤ ਵਿਰੁੱਧ ਟੂਰਨਾਮੈਂਟ ਵਿਚ ਕੋਈ ਵੀ ਟੀਮ 300 ਦੌੜਾਂ ਤਕ ਨਹੀਂ ਪਹੁੰਚ ਸਕੀ ਹੈ। ਜੇਕਰ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਬੁੱਧਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਅਜਿਹਾ ਕਰ ਸਕਦੀ ਹੈ ਤਾਂ ਭਾਰਤੀ ਟੀਮ ਲਈ ਇਕ ਹੋਰ ਫਾਈਨਲ ਵਿਚ ਪਹੁੰਚਣਾ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗਾ।
ਕੀ ਹੈ ਕਮਜ਼ੋਰੀ?
ਅਜੇ ਤਕ ਟੀਮ ਇੰਡੀਆ ਦੀ ਕੋਈ ਕਮਜ਼ੋਰੀ ਨਜ਼ਰ ਨਹੀਂ ਆ ਰਹੀ ਹੈ ਪਰ ਆਲਰਾਊਂਡਰ ਹਾਰਦਿਕ ਪੰਡਯਾ ਦੇ ਜ਼ਖ਼ਮੀ ਹੋਣ ਤੋਂ ਬਾਅਦ ਭਾਰਤ ਨੇ 5 ਗੇਂਦਬਾਜ਼ਾਂ ਨਾਲ ਉਤਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਸਪਿਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਜੇਕਰ ਕੋਈ ਗੇਂਦਬਾਜ਼ ਦੌੜਾਂ ਦੇਣਾ ਸ਼ੁਰੂ ਕਰ ਦੇਵੇ ਤਾਂ ਰੋਹਿਤ ਸ਼ਰਮਾ ਕੋਲ ਕੋਈ ਬਦਲ ਨਹੀਂ ਹੈ।
ਐਤਵਾਰ ਨੂੰ ਨੀਦਰਲੈਂਡ ਵਿਰੁੱਧ ਖੁਦ ਕਪਤਾਨ ਤੇ ਵਿਰਾਟ ਕੋਹਲੀ ਨੇ ਥੋੜ੍ਹੀ ਗੇਂਦਬਾਜ਼ੀ ਕੀਤੀ ਪਰ ਕਪਤਾਨ ਨੂੰ ਉਮੀਦ ਹੋਵੇਗੀ ਕਿ ਅਜਿਹੀ ਸਥਿਤੀ ਨਾ ਆਵੇ।
ਰੋਹਿਤ ਐਂਡ ਕੰਪਨੀ ਕੋਲ ਮੌਕਾ
ਨਿਊਜ਼ੀਲੈਂਡ ਦੀ ਟੀਮ ਜ਼ੋਰਦਾਰ ਸ਼ੁਰੂਆਤ ਦੇ ਬਾਵਜੂਦ ਮਜ਼ਬੂਤ ਟੀਮਾਂ ਵਿਰੁੱਧ ਲਗਾਤਾਰ 4 ਮੈਚ ਹਾਰ ਗਈ। ਫਿਰ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਸਕੀ। ਭਾਰਤ ਚੋਟੀ ਦੀ ਟੀਮ ਹੈ, ਇਸ ਲਈ ਕੀਵੀ ਟੀਮ ਦਾ ਆਤਮਵਿਸ਼ਵਾਸ ਥੋੜ੍ਹਾ ਘੱਟ ਹੋ ਸਕਦਾ ਹੈ। ਰੋਹਿਤ ਐਂਡ ਕੰਪਨੀ ਕੋਲ ਇਸਦਾ ਫਾਇਦਾ ਚੁੱਕਣ ਦਾ ਮੌਕਾ ਹੈ।
ਸਭ ਤੋਂ ਵੱਡਾ ਖਤਰਾ
ਸ਼ਾਮ ਦੇ ਸੈਸ਼ਨ ਦੇ ਪਹਿਲੇ ਘੰਟੇ ਵਿਚ ਵਾਨਖੇੜੇ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਦਿਸ ਰਹੀ ਹੈ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਟੀਮ ’ਤੇ ਹੱਲਾ ਬੋਲ ਦਿੱਤਾ ਸੀ। ਇੱਥੋਂ ਤਕ ਕਿ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਵੀ ਆਸਟ੍ਰੇਲੀਾ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ। ਜੇਕਰ ਭਾਰਤ ਬਾਅਦ ਵਿਚ ਬੱਲੇਬਾਜ਼ੀ ਕਰਦਾ ਹੈ ਤਾਂ ਭਾਰਤੀ ਟੀਮ ਦੇ ਟਾਪ-ਆਰਡਰ ਲਈ ਸਵਿੰਗ ਤੇ ਸੀਮ ਮੂਵਮੈਂਟ ਨਾਲ ਨਜਿੱਠਣ ਮਹੱਤਵੂਪਰਨ ਹੋਵੇਗਾ, ਜਿਹੜੀ ਕੀਵੀ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ, ਟਿਮ ਸਾਊਥੀ ਤੇ ਲਾਕੀ ਫਰਗਿਊਸਨ ਪੈਦਾ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ