IND v NZ 4th T20 : ਜਿੱਤ ਦਾ ਚੌਕਾ ਲਾਉਣ ਉਤਰੇਗੀ ਟੀਮ ਇੰਡੀਆ

Thursday, Jan 30, 2020 - 06:01 PM (IST)

IND v NZ 4th T20 : ਜਿੱਤ ਦਾ ਚੌਕਾ ਲਾਉਣ ਉਤਰੇਗੀ ਟੀਮ ਇੰਡੀਆ

ਵੇਲਿੰਗਟਨ : ਵਿਰਾਟ ਕੋਹਲੀ ਦੀ ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਮੁਕਾਬਲੇ ਨੂੰ ਸੁਪਰ ਓਵਰ ਵਿਚ ਜਿੱਤਣ ਦੇ ਨਾਲ ਇਤਿਹਾਸ ਬਣਾ ਚੁੱਕੀ ਹੈ ਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਚੌਥੇ ਮੈਚ ਵਿਚ ਉਹ ਆਪਣੀ ਜੇਤੂ ਮੁਹਿੰਮ ਨੂੰ 4-0 ਪਹੁੰਚਾਉਣ ਦੇ ਟੀਚੇ ਨਾਲ ਉਤਰੇਗੀ। ਭਾਰਤੀ ਟੀਮ ਨੇ ਤੀਜਾ ਮੈਚ ਜਿੱਤਣ ਦੇ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ 'ਤੇ ਟੀ-20 ਸੀਰੀਜ਼ ਜਿੱਤਣ ਦਾ ਇਤਿਹਾਸ ਬਣਾ ਦਿੱਤਾ ਹੈ। ਨਿਊਜ਼ੀਲੈਂਡ ਕੋਲ ਤੀਜੇ  ਮੈਚ ਵਿਚ ਜਿੱਤ ਹਾਸਲ ਕਰਨ ਦੇ ਸਾਰੇ ਮੌਕੇ ਸਨ ਪਰ ਉਸ ਨੇ ਸਾਰੇ ਮੌਕੇ ਗੁਆ ਦਿੱਤੇ। ਕੀਵੀ ਟੀਮ ਨੇ ਪਹਿਲੇ ਮੈਚ ਵਿਚ 203 ਦੌੜਾਂ ਦਾ ਸਕੋਰ ਬਣਾਇਆ ਪਰ ਉਸਦੇ ਗੇਂਦਬਾਜ਼ ਉਸਦਾ ਬਚਾਅ ਨਹੀਂ ਕਰ ਸਕੇ ਜਦਕਿ ਦੂਜੇ ਮੈਚ ਵਿਚ ਉਸਦਾ ਸਕੋਰ ਇੰਨਾ ਛੋਟਾ ਸੀ ਕਿ ਉਸਦੇ ਗੇਂਦਬਾਜ਼ਾਂ ਕੋਲ ਬਚਾਅ ਕਰਨ ਲਈ ਕੁਝ ਨਹੀਂ ਬਚਿਆ ਸੀ।

PunjabKesari

ਤੀਜੇ ਮੈਚ ਵਿਚ ਉਸ ਨੂੰ ਆਖਰੀ ਓਵਰ ਵਿਚ 5 ਗੇਂਦਾਂ ਵਿਚ ਸਿਰਫ 3 ਦੌੜਾਂ ਬਣਾਉਣੀਆਂ ਸਨ ਪਰ ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਅਜਿਹਾ ਨਹੀਂ ਕਰ ਸਕੇ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਆਪਣੀ ਵਿਕਟ ਗੁਆ ਬੈਠੇ। ਸਕੋਰ ਟਾਈ ਰਿਹਾ ਤੇ ਮੇਜ਼ਬਾਨ ਟੀਮ ਇਕ ਵਾਰ ਫਿਰ ਸੁਪਰ ਓਵਰ ਵਿਚ ਮੈਚ ਗੁਆ ਬੈਠੀ। ਸੁਪਰ ਓਵਰ ਵਿਚ ਟਿਮ ਸਾਊਥੀ ਨੂੰ ਆਖਰੀ 2 ਗੇਂਦਾਂ 'ਤੇ ਭਾਰਤ ਨੂੰ 10 ਦੌੜਾਂ ਬਣਾਉਣ ਤੋਂ ਰੋਕਣਾ ਸੀ ਪਰ ਸਾਊਥੀ ਭਾਰਤੀ ਓਫਨਰ ਰੋਹਿਤ ਸ਼ਰਮਾ ਤੋਂ 2 ਛੱਕੇ ਖਾ ਬੈਠਾ। ਭਾਰਤੀ ਟੀਮ ਹੁਣ ਲਗਾਤਾਰ 6 ਟੀ-20 ਮੈਚ ਜਿੱਤ ਚੁੱਕੀ ਹੈ ਤੇ ਚੌਥੇ ਮੈਚ ਵਿਚ ਵੀ ਉਹ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ। ਨਿਊਜ਼ੀਲੈਂਡ ਨੂੰ ਹੁਣ ਸੁਪਰ ਓਵਰ ਦੀ ਨਿਰਾਸ਼ਾ ਤੋਂ ਉਭਰ ਕੇ ਚੌਥੇ ਮੈਚ ਵਿਚਵਾਪਸੀ ਕਰਕੇ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਵਿਲੀਅਮਸਨ ਲਈ ਇਹ ਹਾਰ ਹੋਰ ਵੀ ਨਿਰਾਸ਼ਾਜਨਕ ਰਹੀ ਕਿਉਂਕਿ ਉਹ ਆਪਣੇ ਕਰੀਅਰ ਦੀ 95 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਖੇਡਣ ਦੇ ਬਾਵਜੂਦ ਟੀਮ ਨੂੰ ਜਿੱਤ ਨਹੀਂ ਦਿਵ ਸਕਿਆ।

PunjabKesari

ਦਰਅਸਲ ਵਿਲੀਅਮਸਨ ਸੈਂਕੜੇ ਦੇ ਨੇੜੇ ਸੀ ਤੇ ਕੀਵੀ ਟੀਮ ਨੂੰ ਜਿੱਤ ਲਈ ਸਿਰਫ 2 ਦੌੜਾਂ ਦੀ ਲੋੜ ਸੀ। ਵਿਲੀਅਮਸਨ ਸੈਂਕੜਾ ਪੂਰਾ ਕਰਨ ਦੇ ਚੱਕਰ ਵਿਚ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗੁਆ ਬੈਠਾ ਜਦਕਿ ਸਿੰਗਲ ਲੈ ਕੇ ਉਸਦੀ ਟੀਮ ਜਿੱਤ ਸਕਦੀ ਸੀ। ਸ਼ਲਾਘਾ ਕਰਨੀ ਪਵੇਗੀ ਸ਼ੰਮੀ ਦੀ, ਜਿਸ ਨੇ ਨਵੇਂ ਬੱਲੇਬਾਜ਼ ਨੂੰ ਚੌਥੇ ਗੇਂਦ 'ਤੇ ਕੋਈ ਦੌੜ ਨਹੀਂ ਲੈਣ ਦਿੱਤੀ ਤੇ ਪੰਜਵੀਂ ਗੇਂਦ 'ਤੇ ਸਿਰਫ ਬਾਈ ਦੀ ਇਕ ਦੌੜ ਦਿੱਤੀ ਹਾਲਾਂਕਿ ਸਕੋਰ ਟਾਈ ਹੋ ਚੁੱਕਾ ਸੀ ਪਰ ਟੇਲਰ ਦਬਾਅ ਵਿਚ ਆ ਚੁੱਕਾ ਸੀ ਤੇ ਆਖਰੀ ਗੇਂਦ 'ਤੇ ਬੋਲਡ ਹੋ ਗਿਆ। ਇਹ ਹਾਰ ਵਿਲੀਅਮਸਨ  ਤੇ ਟੇਲਰ ਨੂੰ ਲੰਬੇ ਸਮੇਂ ਤਕ ਯਾਦ ਰਹੇਗੀ ਜਦਕਿ ਹਾਰ ਦੇ ਜਬਾੜੇ ਵਿਚੋਂ ਜਿੱਤ ਖੋਹਣ ਵਾਲੀ ਟੀਮ ਇੰਡੀਆ ਨੂੰ ਇਹ ਜਿੱਤ ਲੰਬੇ ਸਮੇਂ ਤਕ ਯਾਦ ਰਹੇਗੀ। ਭਾਰਤ ਨੇ ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲੀ ਵਾਰ ਟੀ-20 ਦੀ ਸੀਰੀਜ਼ ਜਿੱਤ ਵਿਚ ਕੀਵੀ ਟੀਮ ਤੋਂ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ ਤੇ ਹੁਣ ਤਾਂ ਕਪਤਾਨ ਵਿਰਾਟ ਕੋਹਲੀ ਨੇ ਵੀ ਕਿਹਾ ਹੈ ਕਿ ਟੀਮ ਸੀਰੀਜ਼ ਨੂੰ 5-0 ਨਾਲ ਕਲੀਨ ਸਵੀਪ ਕਰਨਾ ਚਾਹੇਗੀ। ਨਿਊਜ਼ੀਲੈਂਡ ਨੇ ਆਪਣੇ ਪਿਛਲੇ 6 ਮੈਚਾਂ ਵਿਚੋਂ 5 ਮੈਚ ਗੁਆਏ ਹਨ ਤੇ ਮੇਜ਼ਬਾਨ ਨੂੰ ਹੁਣ ਆਪਣਾ ਵੱਕਾਰ ਬਚਾਉਣ ਲਈ ਬਾਕੀ ਬਚੇ ਦੋ ਮੈਚ ਜਿੱਤਣੇ ਪੈਣਗੇ।


Related News