ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, T-20 'ਚ ਪੰਡਯਾ ਦੀ ਜਗ੍ਹਾ ਸੂਰਿਆਕੁਮਾਰ ਨੂੰ ਮਿਲੀ ਕਪਤਾਨੀ

Thursday, Jul 18, 2024 - 08:50 PM (IST)

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, T-20 'ਚ ਪੰਡਯਾ ਦੀ ਜਗ੍ਹਾ ਸੂਰਿਆਕੁਮਾਰ ਨੂੰ ਮਿਲੀ ਕਪਤਾਨੀ

ਸਪੋਰਟਸ ਡੈਸਕ : ਜ਼ਿੰਬਾਬਵੇ ਨੂੰ ਉਸੇ ਦੇ ਘਰ 'ਚ ਹਰਾਉਣ ਤੋਂ ਬਾਅਦ ਭਾਰਤੀ ਟੀਮ ਦਾ ਅਗਲਾ ਮਿਸ਼ਨ ਸ਼੍ਰੀਲੰਕਾ ਦੌਰਾ ਹੈ। ਇਸ ਦੌਰੇ 'ਤੇ ਭਾਰਤੀ ਟੀਮ ਨੂੰ 3 ਮੈਚਾਂ ਦੀ ਵਨਡੇ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਸੀਰੀਜ਼ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀ ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ।

ਸ਼ੁਭਮਨ ਗਿੱਲ ਨੂੰ ਸ਼੍ਰੀਲੰਕਾ ਦੌਰੇ ਲਈ ਵੱਡਾ ਤੋਹਫਾ ਮਿਲਿਆ ਹੈ। ਉਸ ਨੂੰ ਵਨਡੇ ਅਤੇ ਟੀ-20 ਸੀਰੀਜ਼ ਦੋਵਾਂ 'ਚ ਉਪ ਕਪਤਾਨੀ ਸੌਂਪੀ ਗਈ ਹੈ। ਇਸ ਦਾ ਮਤਲਬ ਹੈ ਕਿ ਪੰਡਯਾ ਨੂੰ ਉਪ ਕਪਤਾਨੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਵਨਡੇ ਟੀਮ 'ਚ ਵਾਪਸੀ ਹੋਈ ਹੈ। ਰਿਆਨ ਪਰਾਗ ਨੂੰ ਵੀ ਦੋਵਾਂ ਸੀਰੀਜ਼ 'ਚ ਮੌਕਾ ਦਿੱਤਾ ਗਿਆ ਹੈ।

ਨਵੇਂ ਮੁੱਖ ਕੋਚ ਗੌਤਮ ਗੰਭੀਰ ਦਾ ਇਹ ਪਹਿਲਾ ਦੌਰਾ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਦਾ ਵੀ ਇਹ ਪਹਿਲਾ ਦੌਰਾ ਹੋਵੇਗਾ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਹੁਣ ਆਪਣੀ ਨਵੀਂ ਭੂਮਿਕਾ ਲਈ ਤਿਆਰ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਬੀਸੀਸੀਆਈ ਨੇ ਉਨ੍ਹਾਂ ਨੂੰ ਭਾਰਤੀ ਟੀਮ ਦਾ ਨਵਾਂ ਮੁੱਖ ਕੋਚ ਬਣਾਇਆ ਹੈ। ਗੰਭੀਰ ਨੇ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ, ਜਿਸ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਗਿਆ ਹੈ।

ਸ਼ੁਭਮਨ ਗਿੱਲ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਹਾਲ ਹੀ 'ਚ ਘਰੇਲੂ ਮੈਦਾਨ 'ਤੇ 5 ਮੈਚਾਂ ਦੀ ਟੀ-20 ਸੀਰੀਜ਼ 'ਚ ਜ਼ਿੰਬਾਬਵੇ ਨੂੰ 4-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਪਿਛਲੇ ਮਹੀਨੇ ਯਾਨੀ ਜੂਨ 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ
ਭਾਰਤ ਦੀ ਟੀ-20 ਟੀਮ :
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਸਨਦਰ ਪਟੇਲ, ਵਾਸ਼ਿੰਗਟਨ ਸੁੰਦਰ , ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ।

ਭਾਰਤ ਦੀ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ , ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ ਅਤੇ ਹਰਸ਼ਿਤ ਰਾਣਾ।

27 ਜੁਲਾਈ ਤੋਂ ਸ਼ੁਰੂ ਹੋਵੇਗਾ ਇਹ ਦੌਰਾ
ਭਾਰਤੀ ਟੀਮ ਇਸ ਦੌਰੇ ਦੀ ਸ਼ੁਰੂਆਤ 27 ਜੁਲਾਈ ਨੂੰ ਕਰੇਗੀ। ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਹ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਪੱਲੇਕੇਲੇ ਵਿੱਚ ਖੇਡੇ ਜਾਣਗੇ।

ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਪਹਿਲਾ ਵਨਡੇ ਮੈਚ 2 ਅਗਸਤ ਨੂੰ ਹੋਵੇਗਾ। ਇਸ ਸੀਰੀਜ਼ ਦੇ ਸਾਰੇ ਵਨਡੇ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਖੇਡੇ ਜਾਣਗੇ। 50-50 ਓਵਰਾਂ ਦੇ ਇਹ ਇੱਕ ਰੋਜ਼ਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਤੋਂ ਖੇਡੇ ਜਾਣਗੇ।

ਭਾਰਤ-ਸ਼੍ਰੀਲੰਕਾ ਸਮਾਂ ਸੂਚੀ
27 ਜੁਲਾਈ- ਪਹਿਲਾ ਟੀ-20, ਪੱਲੇਕੇਲੇ
28 ਜੁਲਾਈ- ਦੂਜਾ ਟੀ-20, ਪੱਲੇਕੇਲੇ
30 ਜੁਲਾਈ- ਤੀਜਾ ਟੀ-20, ਪੱਲੇਕੇਲੇ
2 ਅਗਸਤ- ਪਹਿਲਾ ਵਨਡੇ, ਕੋਲੰਬੋ
4 ਅਗਸਤ- ਦੂਜਾ ਵਨਡੇ, ਕੋਲੰਬੋ
7 ਅਗਸਤ- ਤੀਜਾ ਵਨਡੇ, ਕੋਲੰਬੋ।


author

Baljit Singh

Content Editor

Related News