ਤਿੰਨ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਖਾਲੀ ਪਲਾਟ ’ਚੋਂ ਮਿਲੀ ਲਾਸ਼, ਹੱਤਿਆ ਦਾ ਸ਼ੱਕ

Monday, May 25, 2026 - 06:03 PM (IST)

ਤਿੰਨ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਖਾਲੀ ਪਲਾਟ ’ਚੋਂ ਮਿਲੀ ਲਾਸ਼, ਹੱਤਿਆ ਦਾ ਸ਼ੱਕ

ਮੋਗਾ (ਆਜ਼ਾਦ) : ਮੋਗਾ ਨੇੜਲੇ ਪਿੰਡ ਮਹਿਮੇਵਾਲਾ ਨਿਵਾਸੀ ਅਮਨ ਸਿੰਘ ਉਰਫ ਅਮਨਾ (32) ਜੋ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਦੀ ਲਾਸ਼ ਸਵੇਰੇ ਕੋਟਕਪੂਰਾ ਬਾਈਪਾਸ ’ਤੇ ਰੇਲਵੇ ਪੁਲ ਦੇ ਨੇੜੇ ਇਕ ਖਾਲੀ ਪਲਾਟ ਵਿਚੋਂ ਗਲੀ ਸੜੀ ਹਾਲਤ ਵਿਚ ਮਿਲਣ ਦਾ ਪਤਾ ਲੱਗਾ ਹੈ। ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਜਤਿੰਦਰ ਸਿੰਘ, ਥਾਣਾ ਸਾਉਥ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ, ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਆਸ ਪਾਸ ਦਾ ਨਿਰੀਖਣ ਕਰਨ ਤੋਂ ਇਲਾਵਾ ਲੋਕਾਂ ਕੋਲੋਂ ਪੁੱਛ-ਗਿੱਛ ਵੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਮਨਦੀਪ ਸਿੰਘ ਅਮਨਾ ਜੋ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ। ਬੀਤੀ 21 ਮਈ ਨੂੰ ਮੋਗਾ ਵਿਖੇ ਨਗਰ ਨਿਗਮ ਦੀ ਚੋਣ ਲੜ ਰਹੇ ਆਪਣੇ ਕਿਸੇ ਸੱਜਣ ਦੀ ਹਮਾਇਤ ਵਿਚ ਚੋਣ ਪ੍ਰਚਾਰ ਲਈ ਮੋਗਾ ਆਇਆ ਸੀ। ਉਸ ਨੇ ਰਾਤ ਨੂੰ 11 ਵਜੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਵਾਪਸ ਆ ਰਿਹਾ ਹੈ ਪਰ ਘਰ ਵਾਪਸ ਨਾ ਆਇਆ। ਅੱਜ ਸਵੇਰੇ ਉਸਦੀ ਲਾਸ਼ ਖਾਲੀ ਪਲਾਟ ਵਿਚੋਂ ਮਿਲੀ। ਸ਼ੱਕ ਕੀਤਾ ਜਾਂਦਾ ਹੈ ਕਿ ਉਸਦੀ ਕਿਸੇ ਨੇ ਹੱਤਿਆ ਕਰਨ ਦੇ ਬਾਅਦ ਉਸਦੀ ਲਾਸ਼ ਨੂੰ ਖਾਲੀ ਪਲਾਟ ਵਿਚ ਝਾੜੀਆਂ ਵਿਚ ਸੁੱਟ ਦਿੱਤਾ ਹੈ। ਪੁਲਸ ਨੇ ਉਸਦਾ ਮੋਟਰਸਾਈਕਲ ਵੀ ਉਥੋਂ ਨੇੜਲੀ ਜਗ੍ਹਾ ਤੋਂ ਹੀ ਬਰਾਮਦ ਕੀਤਾ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨਿਵਾਸੀ ਪਿੰਡ ਮਹਿਮੇਵਾਲਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ ਅਤੇ ਸਮਾਜ ਸੇਵਾ ਸੁਸਾਇਟੀ ਨੂੰ ਸੂਚਿਤ ਕਰਨ ’ਤੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਆਪਣੇ ਸੇਵਾਦਾਰਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ।


author

Gurminder Singh

Content Editor

Related News