ਭਾਰਤੀ ਟੀਮ ’ਤੇ ਹੌਲੀ ਓਵਰ ਗਤੀ ਲਈ ਮੈਚ ਫ਼ੀਸ ਦਾ ਲੱਗਾ 60 ਫ਼ੀਸਦੀ ਜੁਰਮਾਨਾ
Saturday, Jan 21, 2023 - 12:08 PM (IST)

ਰਾਏਪੁਰ (ਭਾਸ਼ਾ)– ਹੈਦਰਾਬਾਦ ਵਿਚ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਪਹਿਲੇ ਵਨਡੇ ਵਿਚ ਹੌਲੀ ਓਵਰ ਗਤੀ ਲਈ ਭਾਰਤੀ ਟੀਮ 'ਤੇ ਮੈਚ ਫੀਸ ਦਾ 60 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਭਾਰਤ ਨੂੰ ਨਿਰਧਾਰਿਤ ਸਮਾਂ ਸੀਮਾ ਤੋਂ ਤਿੰਨ ਓਵਰ ਘੱਟ ਗੇਂਦਬਾਜ਼ੀ ਕਰਨ 'ਤੇ ਜੁਰਮਾਨੇ ਦੀ ਇਹ ਸਜ਼ਾ ਸੁਣਾਈ ਹੈ। ਭਾਰਤੀ ਖਿਡਾਰੀਆਂ 'ਤੇ ਇਹ ਕਾਰਵਾਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਕੋਡ ਆਫ ਕੰਡਕਟ ਦੀ ਧਾਰਾ 2.22 ਦੇ ਤਹਿਤ ਕੀਤੀ ਗਈ ਹੈ, ਜਿਸ ਵਿਚ ਹਰੇਕ ਓਵਰ ਲਈ ਉਨ੍ਹਾਂ ਦੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪ੍ਰਸਤਾਵਿਤ ਸਜ਼ਾ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਇਸ ਮਾਮਲੇ 'ਚ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਸਮਝੀ ਗਈ। ਮੈਦਾਨੀ ਅੰਪਾਇਰ ਅਨਿਲ ਚੌਧਰੀ ਅਤੇ ਨਿਤਿਨ ਮੈਨਨ ਤੋਂ ਇਲਾਵਾ ਤੀਜੇ ਅੰਪਾਇਰ ਕੇ. ਐੱਨ. ਅਨੰਤਪਦਮਨਾਭਨ ਅਤੇ ਚੌਥੇ ਅੰਪਾਇਰ ਜੈਰਾਮਨ ਮਦਨਗੋਪਾਲ ਨੇ ਮੈਚ ਰੈਫਰੀ ਨੂੰ ਹੌਲੀ ਓਵਰ ਗਤੀ ਦੀ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ ਆਖ਼ਰੀ ਓਵਰ 'ਚ 12 ਦੌੜਾਂ ਨਾਲ ਹਰਾ ਦਿੱਤਾ ਸੀ। ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਭਾਰਤ ਹੁਣ ਸ਼ਨੀਵਾਰ ਯਾਨੀ ਅੱਜ ਰਾਏਪੁਰ 'ਚ ਨਿਊਜ਼ੀਲੈਂਡ ਖ਼ਿਲਾਫ਼ ਦੂਜਾ ਵਨਡੇ ਖੇਡੇਗਾ।