ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ''ਚ ਹਿੱਸਾ ਲੈਣ ਕੋਲਕਾਤਾ ਪਹੁੰਚਿਆ ਵਰਲਡ ਚੈਂਪੀਅਨ ਮੈਗਨਸ

11/20/2019 11:06:17 PM

ਕੋਲਕਾਤਾ (ਨਿਕਲੇਸ਼ ਜੈਨ)— ਭਾਰਤੀ ਸ਼ਤਰੰਜ ਦੇ ਇਤਿਹਾਸ ਦਾ ਉਦੋਂ ਨਵਾਂ ਅਧਿਆਏ ਲਿਖਿਆ ਜਾਵੇਗਾ, ਜਦੋਂ 22 ਤੋਂ 26 ਨਵੰਬਰ ਦੌਰਾਨ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ- 2019 (ਰੈਪਿਡ ਅਤੇ ਬਲਿਟਜ਼) ਦਾ ਦੂਜਾ ਸੈਸ਼ਨ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਵਰਲਡ ਚੈਂਪੀਅਨ ਮੈਗਨਸ ਕਾਰਲਸਨ ਸਮੇਤ ਦੁਨੀਆ ਭਰ ਦੇ 10 ਧਾਕੜ ਹਿੱਸਾ ਲੈਣਗੇ।  2013 ਵਿਚ ਚੇਨਈ 'ਚ ਵਰਲਡ ਚੈਂਪੀਅਨ ਬਣਨ ਤੋਂ ਬਾਅਦ ਮੈਗਨਸ ਕਾਰਲਸਨ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੋਵੇਗਾ। ਭਾਰਤ ਵੱਲੋਂ 5 ਵਾਰ ਦਾ ਵਰਲਡ ਚੈਂਪੀਅਨ ਵਿਸ਼ਵਨਾਥਨ ਆਨੰਦ, ਪੀ. ਹਰੀਕ੍ਰਿਸ਼ਨਾ ਅਤੇ ਵਿਦਿਤ ਗੁਜਰਾਤੀ ਖੇਡਦੇ ਦਿਸਣਗੇ, ਜਦਕਿ ਵਰਲਡ ਦੇ ਹੋਰ ਵੱਡੇ ਨਾਵਾਂ ਵਿਚ ਚੀਨ ਦਾ ਡਿੰਗ ਲੀਰੇਨ, ਨੀਦਰਲੈਂਡ ਦਾ ਅਨੀਸ਼ ਗਿਰੀ, ਰੂਸ ਦਾ ਇਆਨ ਨੇਪੋਮਨਿਆਚੀ, ਅਮਰੀਕਾ ਦੇ ਵੇਸਲੀ ਸੋ ਅਤੇ ਹਿਕਾਰੂ ਨਾਕਾਮੁਰਾ, ਅਰਮੇਨੀਆ ਦਾ ਲੇਵਾਨ ਆਰੋਨੀਅਨ ਵੀ ਇਸ ਪ੍ਰਤੀਯੋਗਿਤਾ 'ਚ ਹਿੱਸਾ ਲਵੇਗਾ।  ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਪਿਛਲੇ ਸਾਲ ਇਸ ਪ੍ਰਤੀਯੋਗਿਤਾ ਦਾ ਬਲਿਟਜ਼ ਖਿਤਾਬ ਆਪਣੇ ਨਾਂ ਕੀਤਾ ਸੀ, ਜਦਕਿ ਰੈਪਿਡ ਵਿਚ ਹਰੀਕ੍ਰਿਸ਼ਨਾ ਦੂਜੇ ਸਥਾਨ 'ਤੇ ਰਿਹਾ ਸੀ। ਦੋਵਾਂ ਤੋਂ ਆਪਣੇ-ਆਪਣੇ ਪ੍ਰਦਰਸ਼ਨ ਦੁਹਰਾਉਣ ਦੀ ਉਮੀਦ ਰਹੇਗੀ।
ਇਸ ਵਾਰ 1,50,000 ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ
ਪ੍ਰਤੀਯੋਗਿਤਾ ਪਹਿਲੀ ਵਾਰ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਬਣੀ ਹੈ। ਇਸ ਲਈ ਇਸ ਵਾਰ ਇਨਾਮੀ ਰਾਸ਼ੀ ਵਿਚ ਵੀ ਵਾਧਾ ਹੋਇਆ ਹੈ ਅਤੇ ਇਸ ਵਾਰ 1,50,000 ਅਮਰੀਕਨ ਡਾਲਰ ਦੀ ਕੁਲ ਇਨਾਮੀ ਰਾਸ਼ੀ ਰੱਖੀ ਗਈ ਹੈ।  ਪ੍ਰਤੀਯੋਗਿਤਾ 'ਚ ਪਹਿਲੇ 3 ਦਿਨ ਰੈਪਿਡ ਸ਼ਤਰੰਜ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ ਕੁਲ 9 ਰਾਊਂਡ ਰੌਬਿਨ ਦੇ ਆਧਾਰ 'ਤੇ ਖੇਡੇ ਜਾਣਗੇ, ਜਿਸ ਵਿਚ ਹਰੇਕ ਖਿਡਾਰੀ ਨੂੰ 25 ਮਿੰਟ ਦਿੱਤੇ ਜਾਣਗੇ, ਜਦਕਿ ਹਰ ਚਾਲ ਲਈ 10 ਸੈਕੰਡ ਵਾਧੂ ਮਿਲਣਗੇ।  ਆਖਰੀ 2 ਦਿਨ ਬਲਿਟਜ਼ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ ਡਬਲ ਰਾਊਂਡ ਰੌਬਿਨ ਵਿਚ ਕੁਲ 18 ਮੁਕਾਬਲੇ ਖੇਡੇ ਜਾਣਗੇ। ਇਸ 'ਚ ਹਰੇਕ ਖਿਡਾਰੀ ਨੂੰ ਕੁਲ 3 ਮਿੰਟ ਮਿਲਣਗੇ ਅਤੇ ਹਰ ਚਾਲ ਲਈ 2 ਸੈਕੰਡ ਵਾਧੂ ਮਿਲਣਗੇ।


Garg

Reporter

Related News