ਤਨਵੀ ਸ਼ਰਮਾ ਨੇ ਤਾਈਪੇ ਓਪਨ 'ਚ ਪਹਿਲਾ BWF ਸੁਪਰ 300 ਖਿਤਾਬ ਜਿੱਤਿਆ

Monday, Aug 03, 2026 - 11:26 AM (IST)

ਤਨਵੀ ਸ਼ਰਮਾ ਨੇ ਤਾਈਪੇ ਓਪਨ 'ਚ ਪਹਿਲਾ BWF ਸੁਪਰ 300 ਖਿਤਾਬ ਜਿੱਤਿਆ

ਤਾਈਪੇ ਸਿਟੀ- ਨੌਜਵਾਨ ਭਾਰਤੀ ਸਨਸਨੀ ਤਨਵੀ ਸ਼ਰਮਾ ਨੇ ਐਤਵਾਰ ਨੂੰ ਇੱਥੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਫਾਈਨਲ ’ਚ ਵੀਅਤਨਾਮ ਦੀ ਛੇਵਾਂ ਦਰਜਾ ਥੂਈ ਲਿੰਹ ਐਨਗੁਏਨ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਆਪਣਾ ਪਹਿਲਾ ਬੀ. ਡਬਲਯੂ. ਐੱਫ. ਵਿਸ਼ਵ ਟੂਰ ਖਿਤਾਬ ਜਿੱਤਿਆ। ਪਿਛਲੇ ਸਾਲ ਅਮਰੀਕੀ ਓਪਨ ਸੁਪਰ 300 ’ਚ ਉਪ ਜੇਤੂ ਰਹੀ ਪੰਜਾਬ ਦੀ 17 ਸਾਲਾ ਤਨਵੀ ਨੇ ਫਾਈਨਲ ’ਚ ਐਨਗੁਏਨ ਨੂੰ 36 ਮਿੰਟ ’ਚ 21-16, 21-16 ਨਾਲ ਹਰਾਇਆ। ਪੀ. ਵੀ. ਸਿੰਧੂ ਦੇ ਸਾਬਕ ਮੈਂਟਰ ਪਾਰਕ ਤਾਏ ਸੰਗ ਤੋਂ ਕੋਚਿੰਗ ਲੈਣ ਵਾਲੀ ਤਨਵੀ 2008 ’ਚ ਸਾਇਨਾ ਨੇਹਵਾਲ ਤੋਂ ਬਾਅਦ ਤਾਈਪੇ ਓਪਨ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਹੈ।

ਜਿੱਤ ਤੋਂ ਬਾਅਦ ਭਾਵੁਕ ਪਲਾਂ ’ਚ ਤਨਵੀ ਨੇ ਆਪਣਾ ਸੋਨ ਤਮਗਾ ਉਤਾਰ ਕੇ ਕੋਚ ਪਾਰਕ ਦੇ ਗਲੇ ’ਚ ਪਹਿਨਾਇਆ। ਤਨਵੀ 17 ਸਾਲ ਤੇ 222 ਦਿਨ ਦੀ ਉਮਰ ’ਚ ਟੂਰਨਾਮੈਂਟ ਦੇ ਇਤਿਹਾਸ ’ਚ ਸਭ ਤੋਂ ਘੱਟ ਉਮਰ ਦੀ ਫਾਈਨਲਿਸਟ ਵੀ ਬਣੀ। ਉਸ ਨੇ ਕੋਰੀਆ ਦੇ ਮਹਾਨ ਡਬਲਜ਼ ਖਿਡਾਰੀ ਲੀ ਯੋਂਗ ਡੇ ਨੂੰ ਪਿੱਛੇ ਛੱਡ ਦਿੱਤਾ ਜਿਹੜਾ 2006 ’ਚ ਪੁਰਸ਼ ਡਬਲਜ਼ ਫਾਈਨਲ ’ਚ ਪਹੁੰਚਣ ’ਤੇ 17 ਸਾਲ ਅਤੇ 287 ਦਿਨ ਦਾ ਸੀ।

ਸਾਬਕਾ ਵਿਸ਼ਵ ਜੂਨੀਅਰ ਨੰਬਰ ਇਕ ਤਨਵੀ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇਕ ਹੀ ਸੈਸ਼ਨ ’ਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਸ ਨੇ ਲੜਕੀਆਂ ਦੇ ਸਿੰਗਲਜ਼ ਵਰਗ ’ਚ ਚਾਂਦੀ ਤਮਗੇ ਤੋਂ ਇਲਾਵਾ ਮਿਕਸਡ ਟੀਮ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਜਿੱਤਿਆ। ਉਹ ਉਸ ਭਾਰਤੀ ਟੀਮ ਦੀ ਵੀ ਮੈਂਬਰ ਸੀ ਜਿਸ ਨੇ ਏਸ਼ੀਆਈ ਟੀਮ ਚੈਂਪੀਅਨਸ਼ਿਪ ’ਚ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤਿਆ ਸੀ।

ਤਨਵੀ 16 ਸਾਲ ਦੀ ਉਮਰ ’ਚ 2025 ਅਮਰੀਕੀ ਓਪਨ ’ਚ ਆਪਣੇ ਪਹਿਲੇ ਸੁਪਰ 300 ਫਾਈਨਲ ’ਚ ਪਹੁੰਚੀ। ਉਹ ਇਸ ਸਾਲ ਤਾਈਪੇ ਓਪਨ ’ਚ ਖਿਤਾਬੀ ਮੁਕਾਬਲੇ ’ਚ ਵੀ ਪਹੁੰਚੀ ਅਤੇ ਓਡੀਸ਼ਾ ਮਾਸਟਰਜ਼ ਸੁਪਰ 100 ਅਤੇ ਗੁਹਾਟੀ ਮਾਸਟਰਜ਼ ਸੁਪਰ 100 ’ਚ ਵੀ ਉਪ ਜੇਤੂ ਰਹੀ ਅਤੇ ਦੁਨੀਆ ਦੇ ਚੋਟੀ ਦੇ 35 ਖਿਡਾਰੀਆਂ ’ਚ ਸ਼ਾਮਲ ਹੋ ਗਈ।


author

Tarsem Singh

Content Editor

Related News