ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ, ਹਰਿਆਣਾ ਅਤੇ ਰਾਜਸਥਾਨ ਤੇ ਕਰਨਾਟਕ ਸੈਮੀਫਾਈਨਲ ਵਿਚ
Tuesday, Dec 12, 2023 - 10:38 AM (IST)
ਰਾਜਕੋਟ, (ਭਾਸ਼ਾ)– ਬਾਬਾ ਇੰਦਰਜੀਤ ਦੇ ਸੈਂਕੜੇ ਤੇ ਵਿਜੇ ਸ਼ੰਕਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਤਾਮਿਨਲਾਡੂ ਨੇ ਸੋਮਵਾਰ ਨੂੰ ਇੱਥੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਤਾਮਿਲਨਾਡੂ ਪਹਿਲੇ ਸੈਮੀਫਾਈਨਲ ਵਿਚ ਹਰਿਆਣਾ ਦਾ ਸਾਮਹਣਾ ਕਰੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਮੈਚ ਵਿਚ ਬੰਗਾਲ ਨੂੰ ਚਾਰ ਵਿਕਟਾਂ ਨਾਲ ਹਰਾਇਆ। ਦੂਜਾ ਸੈਮੀਫਾਈਨਲ ਕਰਨਾਟਕ ਤੇ ਰਾਜਸਥਾਨ ਵਿਚਾਲੇ ਖੇਡਿਆ ਜਾਵੇਗਾ। ਕਰਨਾਟਕ ਨੇ ਵਿਦਰਭ ਨੂੰ 7 ਵਿਕਟਾਂ ਨਾਲ ਜਦਕਿ ਰਾਜਸਥਾਨ ਨੇ ਕੇਰਲ ਨੂੰ 200 ਦੌੜਾਂ ਨਾਲ ਹਰਾਇਆ।
ਤਾਮਿਲਨਾਡੂ ਦੇ ਤਜਰਬੇਕਾਰ ਸਪਿਨਰ ਆਰ. ਸਾਈ ਕਿਸ਼ੋਰ ਤੇ ਆਈ. ਪੀ. ਐੱਲ. ਵਿਚ ਆਪਣੀ ਵਿਸ਼ੇਸ਼ ਛਾਪ ਛੱਡਣ ਵਾਲੇ ਵਰੁਣ ਚਕਰਵਰਤੀ ਨੇ 3-3 ਵਿਕਟਾਂ ਲਈਆਂ ਤੇ ਮੁੰਬਈ ਨੂੰ 48.3 ਓਵਰਾਂ ਵਿਚ 227 ਦੌੜਾਂ ’ਤੇ ਸਮੇਟਣ ਵਿਚ ਅਹਿਮ ਭੂਮਿਕਾ ਨਿਭਾਈ। ਮੁੰਬਈ ਵਲੋਂ ਪ੍ਰਸਾਦ ਪਵਾਰ ਨੇ 59 ਤੇ ਸ਼ਿਵਮ ਦੂਬੇ ਨੇ 45 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਨੇ ਸਿਰਫ 12.4 ਓਵਰਾਂ ਵਿਚ 5ਵੀਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਤਾਮਿਲਨਾਡੂ ਦੇ ਗੇਂਦਬਾਜ਼ਾਂ ਨੇ ਸਿਰਫ 53 ਦੌੜਾਂ ਦੇ ਅੰਦਰ 6 ਵਿਕਟਾਂ ਲੈ ਕੇ ਮੁੰਬਈ ਦੀ ਪਾਰੀ ਦਾ ਅੰਤ ਕੀਤਾ।
ਸਾਬਕਾ ਭਾਰਤੀ ਕਪਤਾਨ ਅਜਿੰਕਯ ਰਹਾਨੇ ਫਿਰ ਤੋਂ ਨਹੀਂ ਚੱਲਿਆ ਤੇ ਸਿਰਫ 1 ਦੌੜ ਬਣਾ ਕੇ ਪੈਵੇਲੀਅਨ ਪਰਤਿਆ। ਇਸਦੇ ਜਵਾਬ ਵਿਚ ਤਾਮਿਲਨਾਡੂ ਕਿਸੇ ਵੀ ਮਸੇਂ ਦਬਾਅ ਵਿਚ ਨਹੀਂ ਦਿਸਿਆ ਜਦਕਿ ਉਸਦਾ ਸਕੋਰ ਇਕ ਸਮੇਂ 3 ਵਿਕਟਾਂ ’ਤੇ 103 ਦੌੜਾਂ ਸੀ। ਇਸ ਤੋਂ ਬਾਅਦ ਇੰਦਰਜੀਤ (98 ਗੇਂਦਾਂ ’ਤੇ ਅਜੇਤੂ 103 ਦੌੜਾਂ) ਤੇ ਵਿਜੇ ਸ਼ੰਕਰ (58 ਗੇਂਦਾਂ ’ਤੇ ਅਜੇਤੂ 51 ਦੌੜਾਂ)ਨੇ 126 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਟੀਚੇ ਤਕ ਪਹੁੰਚਾਇਆ।ਯੁਜਵੇਂਦਰ ਚਾਹਲ ਨੇ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਲੜੀ ਤੋਂ ਪਹਿਲਾਂ ਚੰਗਾ ਪ੍ਰਦਰਸ਼ਨ ਕਰਕੇ 37 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਹਰਿਆਣਾ ਨੇ ਬੰਗਾਲ ਨੂੰ 4 ਵਿਕਟਾਂ ਨਾਲ ਹਰਾਇਆ।