ਤਾਹਿਲਾ ਮੈਕਗ੍ਰਾ ਦਾ ਅਰਧ ਸੈਂਕੜਾ, ਆਸਟ੍ਰੇਲੀਆ-ਏ ਨੇ ਭਾਰਤ-ਏ ਨੂੰ 7 ਵਿਕਟਾਂ ਨਾਲ ਹਰਾਇਆ
Monday, Aug 12, 2024 - 11:29 AM (IST)
ਬ੍ਰਿਸਬੇਨ, (ਭਾਸ਼ਾ)–ਤਾਹਿਲਾ ਮੈਕਗ੍ਰਾ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਆਸਟ੍ਰੇਲੀਆ-ਏ ਟੀਮ ਨੇ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੀ-20 ਕ੍ਰਿਕਟ ਮੈਚ ਵਿਚ ਭਾਰਤ-ਏ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ਵਿਚ 3-0 ਨਾਲ ਕਲੀਨ ਸਵੀਪ ਕਰ ਲਿਆ। ਆਸਟ੍ਰੇਲੀਆ ਨੇ ਪਹਿਲੇ ਦੋ ਮੈਚ ਕ੍ਰਮਵਾਰ 5 ਦੌੜਾਂ ਤੇ 8 ਵਿਕਟਾਂ ਨਾਲ ਜਿੱਤੇ ਸਨ।
ਭਾਰਤ ਦੀਆਂ 121 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ ਤਾਹਿਲਾ ਦੀ 22 ਗੇਂਦਾਂ ਵਿਚ 8 ਚੌਕਿਆਂ ਤੇ 2 ਛੱਕਿਆਂ ਨਾਲ ਸਜੀ ਅਜੇਤੂ 51 ਦੌੜਾਂ ਦੀ ਪਾਰੀ ਦੀ ਬਦੌਲਤ ਸਿਰਫ 13.5 ਓਵਰਾਂ ਵਿਚ 3 ਵਿਕਟਾਂ ’ਤੇ 121 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਤਾਹਿਲਾ ਨੇ ਤੇਜ਼ ਗੇਂਦਬਾਜ਼ ਸ਼ਬਨਮ ਸ਼ਕੀਲ ਦੀਆਂ ਗੇਂਦਾਂ ’ਤੇ ਲਗਾਤਾਰ ਤਿੰਨ ਚੌਕੇ ਲਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਤਾਹਿਲਾ ਨੇ ਚਾਰਲੀ ਨਾਟ (19) ਦੇ ਨਾਲ ਤੀਜੀ ਵਿਕਟ ਲਈ 48 ਦੌੜਾਂ ਵੀ ਜੋੜੀਆਂ। ਸਲਾਮੀ ਬੱਲੇਬਾਜ਼ ਵਿਲਸਨ (39 ਦੌੜਾਂ, 26 ਗੇਂਦਾਂ, 5 ਚੌਕੇ, 1 ਛੱਕਾ) ਨੇ ਵੀ ਉਪਯੋਗੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਕਿਰਣ ਨਵਗਿਰੇ (38 ਦੌੜਾਂ, 20 ਗੇਂਦਾਂ, 6 ਚੌਕੇ, 1 ਛੱਕਾ) ਹੀ ਟਿਕ ਕੇ ਬੱਲੇਬਾਜ਼ੀ ਕਰ ਸਕੀ, ਜਿਸ ਨਾਲ ਭਾਰਤ-ਏ 8 ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕਿਆ। ਕਪਤਾਨ ਮੀਨੂ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਨੇ 47 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਟੀਮ ਉੱਭਰਨ ਵਿਚ ਅਸਫਲ ਰਹੀ।
ਕਿਰਣ ਤੇ ਮੀਨੂ ਨੇ 6ਵੀਂ ਵਿਕਟ ਲਈ 57 ਦੌੜਾਂ ਜੋੜ ਕੇ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਆਸਟ੍ਰੇਲੀਆ ਵੱਲੋਂ ਨਿਕੋਲਾ ਹੈਂਕਾਕ, ਗ੍ਰੇਸ ਪਾਰਸਨਸ ਤੇ ਮੈਟਲਨ ਬ੍ਰਾਊਨ ਨੇ 2-2 ਵਿਕਟਾਂ ਲਈਆਂ। ਭਾਰਤ-ਏ 22 ਅਗਸਤ ਤੋਂ ਇਕੌਲਤੇ ‘ਗੈਰ-ਅਧਿਕਾਰਤ ਟੈਸਟ’ ਤੋਂ ਪਹਿਲਾਂ ਮੇਜ਼ਬਾਨ ਟੀਮ ਵਿਰੁੱਧ 3 ਵਨ ਡੇ ਮੈਚਾਂ ਦੀ ਲੜੀ ਖੇਡੇਗਾ।