ਟੀ-20 ਵਿਸ਼ਵ ਕੱਪ : ਮੇਂਡਿਸ ਦਾ ਅਰਧ ਸੈਂਕੜਾ, ਸ਼੍ਰੀਲੰਕਾ ਨੇ ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
Sunday, Oct 23, 2022 - 02:33 PM (IST)
 
            
            ਸਪੋਰਟ ਡੈਸਕ- ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਲਗਾਤਾਰ ਅੰਤਰਾਲ 'ਤੇ ਵਿਕਟਾਂ ਲੈ ਕੇ ਐਤਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ 'ਚ ਆਇਰਲੈਂਡ ਨੂੰ ਅੱਠ ਵਿਕਟਾਂ 'ਤੇ 128 ਦੌੜਾਂ 'ਤੇ ਰੋਕਣ ਦੇ ਬਾਅਦ ਸ਼੍ਰੀਲੰਕਾ ਦੇ ਓਪਨਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ 15 ਓਵਰਾਂ 'ਚ ਇਕ ਵਿਕਟ ਗੁਆ ਕੇ 133 ਦੌੜਾਂ ਬਣਾਕੇ ਅਤੇ ਮੈਚ ਜਿੱਤ ਲਿਆ। ਇਸ ਦੌਰਾਨ ਕੁਸ਼ਲ ਮੇਂਡਿਸ ਨੇ ਅਰਧ ਸੈਂਕੜਾ ਜੜਿਆ।
ਆਇਰਲੈਂਡ ਤੋਂ ਮਿਲੇ 129 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਅਤੇ ਧਨੰਜੈ ਡੀ ਸਿਲਵਾ ਦੀ ਮਦਦ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਨੇ 63 ਦੌੜਾਂ 'ਤੇ ਆਪਣੀ ਪਹਿਲੀ ਅਤੇ ਇਕਲੌਤੀ ਵਿਕਟ ਗੁਆ ਦਿੱਤੀ ਅਤੇ ਡੀ ਸਿਲਵਾ 25 ਗੇਂਦਾਂ 'ਤੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 31 ਦੌੜਾਂ ਬਣਾ ਕੇ ਆਊਟ ਹੋ ਗਿਆ।
ਉਹ ਡੇਲਾਨੀ ਦੀ 9ਵੇਂ ਓਵਰ ਦੀ ਦੂਜੀ ਗੇਂਦ 'ਤੇ ਟਕਰ ਦੇ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਚਰਿਤ ਅਸਲੰਕਾ ਤੇ ਮੇਂਡਿਸ ਨੇ ਪਾਰੀ ਦੀ ਕਮਾਨ ਸੰਭਾਲੀ ਅਤੇ ਬਿਨਾਂ ਕੋਈ ਵਿਕਟ ਗਵਾਏ ਜਿੱਤ ਵੱਲ ਪਰਤੇ। ਮੇਂਡਿਸ ਨੇ 43 ਗੇਂਦਾਂ 'ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਜਦਕਿ ਅਸਲੰਕਾ ਨੇ 22 ਗੇਂਦਾਂ 'ਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਆਇਰਲੈਂਡ ਲਈ ਹੈਰੀ ਟੇਕਟਰ ਸਭ ਤੋਂ ਵੱਧ ਸਕੋਰਰ ਰਿਹਾ, ਜਿਸ ਨੇ ਟਾਸ ਜਿੱਤ ਕੇ 42 ਗੇਂਦਾਂ 'ਤੇ 45 ਦੌੜਾਂ (ਦੋ ਚੌਕੇ, ਇਕ ਛੱਕਾ) ਬਣਾਈਆਂ, ਜਦਕਿ ਪਾਲ ਸਟਰਲਿੰਗ ਨੇ 25 ਗੇਂਦਾਂ 'ਤੇ 34 ਦੌੜਾਂ (ਚਾਰ ਚੌਕੇ ਅਤੇ ਦੋ ਛੱਕੇ) ਦਾ ਯੋਗਦਾਨ ਪਾਇਆ। ਸ਼੍ਰੀਲੰਕਾ ਲਈ ਮਹਿਸ਼ ਤੀਕਸ਼ਨਾ ਨੇ 19 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਵਨਿੰਦੂ ਹਸਾਰੰਗਾ ਨੇ 25 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਲਾਹਿਰੂ ਕੁਮਾਰਾ, ਧਨੰਜੈ ਡੀ ਸਿਲਵਾ, ਚਮਿਕਾ ਕਰੁਣਾਰਤਨੇ, ਬਿਨੁਰਾ ਫਰਨਾਂਡੋ ਨੇ ਇਕ-ਇਕ ਵਿਕਟ ਲਈ।
SL vs IRE ਦੀ ਪਲੇਇੰਗ ਇਲੈਵਨ
ਸ਼੍ਰੀਲੰਕਾ ਦੀ ਪਲੇਇੰਗ ਇਲੈਵਨ: ਕੁਸਲ ਮੇਂਡਿਸ (ਵਿਕੇਟਕੀਪਰ), ਧਨੰਜਯਾ ਡੀ ਸਿਲਵਾ, ਚਰਿਤ ਅਸਲੰਕਾ, ਅਸ਼ੇਨ ਬਾਂਦਰਾ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥੀਕਸ਼ਾਨਾ, ਬਿਨੁਰਾ ਫਰਨਾਂਡੋ, ਲਾਹਿਰੂ ਕੁਮਾਰਾ।
ਆਇਰਲੈਂਡ ਦੀ ਪਲੇਇੰਗ ਇਲੈਵਨ: ਪਾਲ ਸਟਰਲਿੰਗ, ਐਂਡਰਿਊ ਬਲਬੀਰਨੀ (ਕਪਤਾਨ), ਲੋਰਕਨ ਟਕਰ (ਵਿਕਟਕੀਪਰ), ਹੈਰੀ ਟੈਕਟਰ, ਕਰਟਿਸ ਕੈਂਪਰ, ਜਾਰਜ ਡਾਕਰੇਲ, ਗੈਰੇਥ ਡੇਲਾਨੀ, ਮਾਰਕ ਅਡਾਇਰ, ਸਿਮੀ ਸਿੰਘ, ਬੈਰੀ ਮੈਕਕਾਰਥੀ, ਜੋਸ਼ੂਆ ਲਿਟਿਲ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            