T20 WC : ਸ਼੍ਰੀਲੰਕਾ ਦੀ ਕਰਾਰੀ ਹਾਰ, ਨਾਮੀਬੀਆ ਨੇ 55 ਦੌੜਾਂ ਨਾਲ ਦਰਜ ਕੀਤੀ ਜਿੱਤ
Sunday, Oct 16, 2022 - 02:08 PM (IST)
ਗੀਲੋਂਗ : ਗੀਲੋਂਗ ਦੇ ਸਿਮੰਡਸ ਸਟੇਡੀਅਮ ਵਿੱਚ ਨਾਮੀਬੀਆ ਖ਼ਿਲਾਫ਼ ਖੇਡੇ ਗਏ ਟੀ-20 ਵਿਸ਼ਵ ਕੱਪ ਗਰੁੱਪ-ਏ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ 55 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਨਾਮੀਬੀਆ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਨਾਮੀਬੀਆ ਟੀ20 ਇੰਟਰਨੈਸ਼ਨਲ 'ਚ ਇੱਕ ਐਸੋਸੀਏਟ ਟੀਮ ਬਨਾਮ ਪੂਰਨ ਮੈਂਬਰ ਟੀਮ ਦਰਮਿਆਨ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੀ ਤੀਜੀ ਟੀਮ ਬਣ ਗਈ।
ਨਾਮੀਬੀਆ ਤੋਂ ਮਿਲੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਕੁਸਲ ਮੈਂਡਿਸ (6), ਪਾਥੁਮ ਨਿਸਾਨਕਾ (9) ਅਤੇ ਦਾਨੁਸ਼ਕਾ ਗੁਣਾਤਿਲਾ (0) ਦੀਆਂ ਮਹੱਤਵਪੂਰਨ ਵਿਕਟਾਂ ਸਿਰਫ 21 ਦੌੜਾਂ 'ਤੇ ਗੁਆ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਧਨੰਜੇ ਡੀ ਸਿਲਵਾ ਅਤੇ ਭਾਨੁਕਾ ਰਾਜਪਕਸ਼ੇ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਾਮੀਬੀਆ ਦੇ ਖਿਲਾਫ ਬੇਵੱਸ ਨਜ਼ਰ ਆਏ ਅਤੇ 7ਵੇਂ ਓਵਰ 'ਚ ਡੀ ਸਿਲਵਾ ਅਤੇ 11ਵੇਂ ਓਵਰ 'ਚ ਰਾਜਪਕਸ਼ੇ ਆਊਟ ਹੋ ਗਏ। ਇਸ ਤੋਂ ਬਾਅਦ ਵੀ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਟੀਮ 19 ਓਵਰਾਂ 'ਚ 108 ਦੌੜਾਂ 'ਤੇ ਢੇਰ ਹੋ ਗਈ। ਡੇਵਿਡ ਵਿਸੇ, ਬਰਨਾਰਡ ਸ਼ੋਲਟਜ਼, ਬੇਨ ਸ਼ਿਕੋਂਗੋ ਅਤੇ ਜਾਨ ਫਰੀਲਿੰਕ ਨੇ 2-2 ਵਿਕਟਾਂ ਲਈਆਂ ਜਦਕਿ ਜੇ ਜੇ ਸਮਿਟੋ ਨੂੰ ਇਕ ਵਿਕਟ ਮਿਲੀ।
ਇਹ ਵੀ ਪੜ੍ਹੋ : ਵਿਰਾਟ ਦੇ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਦਾ ਕੀਤਾ ਕਤਲ, ਟਵਿੱਟਰ 'ਤੇ ਟਰੈਂਡ ਹੋਇਆ Arrest Kohli
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਨਾਮੀਬੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ। ਜੇਨ ਫ੍ਰੀਲਿੰਕ (44) ਅਤੇ ਜੇ ਜੇ ਸਮਿਟ (ਅਜੇਤੂ 31) ਦਰਮਿਆਨ 70 ਦੌੜਾਂ ਦੀ ਵਿਸਫੋਟਕ ਸਾਂਝੇਦਾਰੀ ਦੀ ਮਦਦ ਨਾਲ ਨਾਮੀਬੀਆ ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਗਰੁੱਪ ਏ ਮੈਚ ਵਿੱਚ ਸ਼੍ਰੀਲੰਕਾ ਦੇ ਸਾਹਮਣੇ 164 ਦੌੜਾਂ ਦਾ ਟੀਚਾ ਰੱਖਿਆ। ਫਰੀਲਿੰਕ ਨੇ 28 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ ਜਦਕਿ ਸਮਿਟ ਨੇ 16 ਗੇਂਦਾਂ 'ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਨਾਮੀਬੀਆ ਨੂੰ 20 ਓਵਰਾਂ 'ਚ 163/7 ਦੇ ਸਕੋਰ ਤਕ ਪਹੁੰਚਾਇਆ। ਸ਼੍ਰੀਲੰਕਾ ਵਲੋਂ ਪ੍ਰਮੋਦ ਮਦੁਸ਼ਾਨੀ ਨੇ 2 ਵਿਕਟਾਂ ਲਈਆਂ ਜਦਕਿ ਦਿਕਸ਼ਾਨਾ, ਚਮੀਰਾ, ਕਰੁਣਾਰਤਨੇ ਅਤੇ ਹਸਾਰੰਗਾ ਨੇ ਇਕ-ਇਕ ਵਿਕਟ ਲਈ।
ਟੀ-20 ਇੰਟਰਨੈਸ਼ਨਲ ਵਿੱਚ ਇੱਕ ਐਸੋਸੀਏਟ ਟੀਮ ਬਨਾਮ ਪੂਰਨ ਮੈਂਬਰ ਟੀਮ ਦਰਮਿਆਨ ਦੌੜਾਂ ਦੀ ਸਭ ਤੋਂ ਵੱਡੀ ਜਿੱਤ
81 ਦੌੜਾਂ, ਅਫਗਾਨਿਸਤਾਨ ਬਨਾਮ ਜ਼ਿੰਬਾਬਵੇ, ਸ਼ਾਰਜਾਹ 2016
59 ਦੌੜਾਂ, ਅਫਗਾਨਿਸਤਾਨ ਬਨਾਮ ਜ਼ਿੰਬਾਬਵੇ, ਨਾਗਪੁਰ 2016
55 ਦੌੜਾਂ, ਨਾਮੀਬੀਆ ਬਨਾਮ ਸ਼੍ਰੀਲੰਕਾ, ਜੀਲੋਂਗ 2022*
54 ਦੌੜਾਂ, ਯੂਏਈ ਬਨਾਮ ਆਇਰਲੈਂਡ, ਦੁਬਈ 2021
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।