T20 WC, AUS v WI: ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ
Saturday, Nov 06, 2021 - 08:26 PM (IST)
ਆਬੂਧਾਬੀ – ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਮਿਸ਼ੇਲ ਮਾਰਸ਼ ਦੀ ਬੇਖੌਫ ਬੱਲੇਬਾਜ਼ੀ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 124 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੇ ਦਮ ਤੇ ਆਸਟਰੇਲੀਆ ਨੇ ਆਈ.ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੁਰੱਪ-1 ਦੇ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ‘ਮੈਨ ਆਫ ਦਿ ਮੈਚ’ ਬਣੇ ਵਾਰਨਰ ਨੇ 56 ਗੇਂਦਾਂ ਦੀ ਪਾਰੀ ਵਿਚ 9 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 89 ਦੌੜਾਂ ਬਣਾਈਆਂ ਜਦਕਿ ਮਾਰਸ਼ ਨੇ 32 ਗੇਂਦਾਂ ਦੀ ਪਾਰੀ ਵਿਚ 53 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਤੇ ਦੋ ਛੱਕੇ ਲਾਏ।
ਕਪਤਾਨ ਕੀਰੋਨ ਪੋਲਾਰਡ ਦੀ 44 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਆਂਦ੍ਰੇ ਰਸੇਲ ਦੀਆਂ 7 ਗੇਂਦਾਂ ਵਿਚ 18 ਦੌੜਾਂ ਦੀ ਅਜੇਤੂ ਪਾਰੀ ਨਾਲ ਵੈਸਟਇੰਡੀਜ਼ ਨੇ 7 ਵਿਕਟਾਂ ’ਤੇ 157 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ 22 ਗੇਂਦਾਂ ਬਾਕੀ ਰਹਿੰਦਿਆਂ 2 ਵਿਕਟਾਂ ਦੇ ਨੁਕਸਾਨ ’ਤੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਪੋਲਾਰਡ ਨੇ ਆਪਣੀ ਪਾਰੀ ਵਿਚ 4 ਚੌਕੇ ਤੇ 1 ਛੱਕਾ ਲਾਇਆ। ਰਸੇਲ ਨੇ ਆਖਰੀ ਦੋ ਗੇਂਦਾਂ ’ਤੇ ਛੱਕੇ ਲਾਏ ਤਾਂ ਉੱਥੇ ਹੀ ਐਵਿਨ ਲੂਈਸ ਨੇ ਟੀਮ ਲਈ 26 ਗੇਂਦਾਂ ਵਿਚ 29 ਦੌੜਾਂ ਦਾ ਯੋਗਦਾਨ ਦਿੱਤਾ। ਸ਼ਿਮਰੋਨ ਹੈਟੱਮਾਇਰ ਨੇ 28 ਗੇਂਦਾਂ ’ਤੇ 27 ਦੌੜਾਂ ਬਣਾਈਆਂ
ਆਸਟਰੇਲੀਆ ਵਲੋਂ ਜੇਸ਼ ਹੇਜ਼ਲਵੁਡ ਨੇ 4 ਓਵਰਾਂ ਵਿਚ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਮਿਸ਼ੇਲ ਸਟਾਰਕ, ਐਡਮ ਜ਼ਾਂਪਾ ਤੇ ਪੈਟ ਕਮਿੰਸ ਨੇ ਇਕ-ਇਕ ਵਿਕਟ ਲਈ। ਇਸ ਵਿਚ ਜ਼ਾਂਪਾ ਕਾਫੀ ਕਿਫਾਇਤੀ ਰਿਹਾ, ਜਿਸ ਨੇ ਚਾਰ ਓਵਰਾਂ ਵਿਚ ਸਿਰਫ 20 ਦੌੜਾਂ ਦਿੱਤੀਆਂ।
ਇਸ ਹਾਰ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਆਗਾਮੀ ਟੀ-20 ਵਿਸ਼ਵ ਕੱਪ ਲਈ ਖੁਦ ਕੁਆਲੀਫਾਈ ਕਰਨ ਦੀ ਦੌੜ ਵਿਚੋਂ ਬਾਹਰ ਹੋ ਗਈ। ਕੌਮਾਂਤਰੀ ਰੈਂਕਿੰਗ ਦੀਆਂ ਟਾਪ-8 ਟੀਮਾਂ ਸਿੱਧੇ ਤੌਰ ’ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਵੈਸਟਇੰਡੀਜ਼ ਟੀਮ 9ਵੇਂ ਸਥਾਨ ’ਤੇ ਖਿਸਕ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।