T20 WC: ਫਾਰੂਕੀ ਦੀ 5 ਵਿਕਟਾਂ, ਗੁਰਬਾਜ਼-ਜ਼ਾਦਰਾਨ ਦੀ ਬੱਲੇਬਾਜ਼ੀ ਨਾਲ ਅਫਗਾਨਿਸਤਾਨ ਨੇ ਯੂਗਾਂਡਾ ਨੂੰ ਹਰਾਇਆ

06/04/2024 11:47:00 AM

ਪ੍ਰੋਵੀਡੈਂਸ (ਗੁਯਾਨਾ) : ​​ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ 5 ਵਿਕਟਾਂ ਅਤੇ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਯੂਗਾਂਡਾ ਨੂੰ 125 ਦੌੜਾਂ ਨਾਲ ਹਰਾ ਦਿੱਤਾ।

ਗੁਰਬਾਜ਼ ਨੇ 45 ਗੇਂਦਾਂ ਵਿੱਚ 76 ਦੌੜਾਂ ਬਣਾਈਆਂ ਜਦਕਿ ਜ਼ਦਰਾਨ ਨੇ 46 ਗੇਂਦਾਂ ਵਿੱਚ 70 ਦੌੜਾਂ ਬਣਾਈਆਂ। ਦੋਵਾਂ ਨੇ ਪੁਰਸ਼ ਟੀ-20 ਵਿਸ਼ਵ ਕੱਪ 'ਚ ਪਹਿਲੀ ਵਿਕਟ ਲਈ 154 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ, ਜਿਸ ਦੀ ਮਦਦ ਨਾਲ ਅਫਗਾਨਿਸਤਾਨ ਨੇ ਪੰਜ ਵਿਕਟਾਂ 'ਤੇ 183 ਦੌੜਾਂ ਬਣਾਈਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਾਰੂਕੀ ਨੇ ਚਾਰ ਓਵਰਾਂ ਵਿੱਚ ਨੌਂ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਵਿਸ਼ਵ ਕੱਪ 'ਚ ਪਹਿਲੀ ਵਾਰ ਖੇਡਣ ਵਾਲੀ ਯੁਗਾਂਡਾ ਦੀ ਟੀਮ 16 ਓਵਰਾਂ 'ਚ 58 ਦੌੜਾਂ 'ਤੇ ਆਲ ਆਊਟ ਹੋ ਗਈ।

ਫਾਰੂਕੀ ਦੋ ਵਾਰ ਹੈਟ੍ਰਿਕ ਲੈਣ ਦੇ ਨੇੜੇ ਪਹੁੰਚੇ। ਪਹਿਲੀ ਗੇਂਦ 'ਤੇ ਚੌਕਾ ਜੜਨ ਤੋਂ ਬਾਅਦ ਉਸ ਨੇ ਸ਼ਾਨਦਾਰ ਇਨਸਵਿੰਗਰ ਨਾਲ ਰੌਨਕ ਪਟੇਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਰੋਜਰ ਮੁਕਾਸਾ ਐੱਲ.ਬੀ.ਡਬਲਿਊ. ਆਊਟ ਕੀਤਾ। ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਚੁੱਕੇ ਫਾਰੂਕੀ ਨੇ 13ਵੇਂ ਓਵਰ ਵਿੱਚ ਤਿੰਨ ਹੋਰ ਵਿਕਟਾਂ ਲੈ ਕੇ ਟੀ-20 ਕ੍ਰਿਕਟ ਵਿੱਚ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ। ਉਸ ਨੇ ਰਿਆਜ਼ਤ ਅਲੀ ਸ਼ਾਹ ਨੂੰ ਬੋਲਡ ਕੀਤਾ ਅਤੇ ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੂੰ ਗੁਰਬਾਜ਼ ਹੱਥੋਂ ਕੈਚ ਕਰਵਾਇਆ। ਉਹ ਹੈਟ੍ਰਿਕ ਤੋਂ ਖੁੰਝ ਗਿਆ ਪਰ ਓਵਰ ਦੀ ਆਖਰੀ ਗੇਂਦ 'ਤੇ ਇਕ ਹੋਰ ਵਿਕਟ ਲੈ ਲਿਆ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਹਮਲਾਵਰ ਸ਼ੁਰੂਆਤ ਕੀਤੀ। ਗੁਰਬਾਜ਼ ਨੇ ਪਾਰੀ ਦੀ ਦੂਜੀ ਗੇਂਦ 'ਤੇ ਛੱਕਾ ਲਗਾਇਆ। ਜ਼ਦਰਾਨ ਨੇ ਦਿਨੇਸ਼ ਨਾਕਰਾਨੀ ਦੇ ਛੇਵੇਂ ਓਵਰ ਵਿੱਚ ਲਗਾਤਾਰ ਚਾਰ ਚੌਕੇ ਜੜੇ। ਪਾਵਰਪਲੇਅ ਦੇ ਅੰਤ 'ਤੇ ਅਫਗਾਨਿਸਤਾਨ ਨੇ 11 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਬਣਾਈਆਂ। ਗੁਰਬਾਜ਼ ਨੇ ਚਾਰ ਚੌਕੇ ਅਤੇ ਚਾਰ ਛੱਕੇ ਜੜੇ ਅਤੇ ਸਿਰਫ 28 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਜ਼ਦਰਾਨ ਨੇ 9 ਚੌਕੇ ਅਤੇ 1 ਛੱਕਾ ਲਗਾਇਆ। ਅਜਿਹਾ ਲੱਗ ਰਿਹਾ ਸੀ ਕਿ ਦੋਵੇਂ ਪੂਰੇ 20 ਓਵਰ ਖੇਡਣਗੇ ਪਰ ਯੂਗਾਂਡਾ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦੇ ਹੋਏ ਉਨ੍ਹਾਂ ਨੂੰ 200 ਦੌੜਾਂ ਤੋਂ ਘੱਟ ਤੱਕ ਹੀ ਰੋਕ ਦਿੱਤਾ। ਅਫਗਾਨਿਸਤਾਨ ਦਾ ਸਾਹਮਣਾ ਹੁਣ ਨਿਊਜ਼ੀਲੈਂਡ ਨਾਲ ਹੋਵੇਗਾ।


Tarsem Singh

Content Editor

Related News