ਟੀ-20 ਰੈਂਕਿੰਗ : ਦੀਪਤੀ ਸ਼ਰਮਾ ਨੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ, ਇਸਮਾਈਲ ਨੂੰ ਛੱਡਿਆ ਪਿੱਛੇ

Tuesday, Oct 11, 2022 - 09:57 PM (IST)

ਟੀ-20 ਰੈਂਕਿੰਗ : ਦੀਪਤੀ ਸ਼ਰਮਾ ਨੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ, ਇਸਮਾਈਲ ਨੂੰ ਛੱਡਿਆ ਪਿੱਛੇ

ਦੁਬਈ— ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਨੇ ਮਹਿਲਾ ਏਸ਼ੀਆ ਕੱਪ 2022 'ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਪਣੇ ਕਰੀਅਰ ਦੀ ਸਰਵੋਤਮ ਆਈਸੀਸੀ ਟੀ-20 ਰੈਂਕਿੰਗ ਹਾਸਲ ਕਰ ਲਈ ਹੈ। ਆਈਸੀਸੀ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਦੇ ਮੁਤਾਬਕ ਦੀਪਤੀ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਟੀ-20 ਮਹਿਲਾ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਉਸ ਦੇ 724 ਹਨ। ਸ਼ਰਮਾ ਨੇ ਪਾਕਿਸਤਾਨ ਵਿਰੁੱਧ ਤਿੰਨ ਅਤੇ ਬੰਗਲਾਦੇਸ਼ ਅਤੇ ਥਾਈਲੈਂਡ ਵਿਰੁੱਧ ਦੋ-ਦੋ ਵਿਕਟਾਂ ਲਈਆਂ ਅਤੇ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਕਰੀਅਰ ਦੇ ਸਰਵੋਤਮ ਤੀਜੇ ਸਥਾਨ 'ਤੇ ਪਹੁੰਚ ਗਈ। ਉਸ ਨੇ ਦੱਖਣੀ ਅਫ਼ਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨਮ ਇਸਮਾਈਲ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਉਹ ਸਿਰਫ਼ ਇੰਗਲੈਂਡ ਦੇ ਸਪਿਨਰਾਂ ਸੋਫੀ ਏਕਲਸਟੋਨ ਅਤੇ ਸਾਰਾ ਗਲੇਨ ਤੋਂ ਪਿੱਛੇ ਹੈ।

ਸ਼ਰਮਾ ਆਸਟਰੇਲੀਆ ਦੇ ਐਸ਼ਲੇ ਗਾਰਡਨਰ ਨੂੰ ਪਛਾੜਦੇ ਹੋਏ ਬੱਲੇਬਾਜ਼ਾਂ 'ਚ 35ਵੇਂ ਅਤੇ ਆਲਰਾਊਂਡਰਾਂ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਆਲਰਾਊਂਡਰਾਂ 'ਚ ਉਸ ਦਾ ਨੰਬਰ ਤੀਸਰਾ ਸਥਾਨ ਵੀ ਕਰੀਅਰ ਦੀ ਸਰਵੋਤਮ ਪ੍ਰਾਪਤੀ ਹੈ। ਭਾਰਤ ਦੀ ਰੇਣੁਕਾ ਸਿੰਘ (ਤਿੰਨ ਸਥਾਨ ਚੜ੍ਹ ਕੇ ਅੱਠਵੇਂ ਸਥਾਨ 'ਤੇ), ਸਨੇਹ ਰਾਣਾ (30 ਸਥਾਨ ਚੜ੍ਹ ਕੇ 15ਵੇਂ ਸਥਾਨ 'ਤੇ) ਅਤੇ ਪੂਜਾ ਵਸਤਰਾਕਰ (ਸੱਤ ਸਥਾਨ ਚੜ੍ਹ ਕੇ 28ਵੇਂ ਸਥਾਨ 'ਤੇ) ਨੇ ਆਪਣੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ।

ਬੱਲੇਬਾਜ਼ਾਂ ਦੀ ਰੈਂਕਿੰਗ 'ਚ ਭਾਰਤ ਦੀ ਜੇਮਿਮਾ ਰੌਡਰਿਗਜ਼ ਅੱਠਵੇਂ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦੋਂ ਕਿ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ (ਤਿੰਨ ਸਥਾਨ ਦੇ ਫਾਇਦੇ ਨਾਲ 22ਵੇਂ ਸਥਾਨ 'ਤੇ) ਅਤੇ ਉਸ ਦੀ ਜੋੜੀਦਾਰ ਮੁਰਸ਼ਿਦਾ ਖਾਤੂਨ (10 ਸਥਾਨ ਦੇ ਫਾਇਦੇ ਨਾਲ 27ਵੇਂ ਸਥਾਨ 'ਤੇ ਪਹੁੰਚ ਗਈ ਹੈ)। ਭਾਰਤ ਦੇ ਖਿਲਾਫ 37 ਗੇਂਦਾਂ 'ਤੇ ਅਜੇਤੂ 56 ਦੌੜਾਂ ਬਣਾਉਣ ਵਾਲੀ ਪਾਕਿਸਤਾਨੀ ਆਲਰਾਊਂਡਰ ਨਿਦਾ ਡਾਰ ਪੰਜ ਸਥਾਨ ਦੇ ਫਾਇਦੇ ਨਾਲ 39ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਹ ਆਲਰਾਊਂਡਰਾਂ ਦੀ ਸੂਚੀ 'ਚ ਇਕ ਦਰਜਾ ਚੜ੍ਹ ਕੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ।


author

Tarsem Singh

Content Editor

Related News