ਭਾਰਤ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਅੱਜ, ਖਾਸ ਗੱਲਾਂ ''ਤੇ ਪਾਓ ਇਕ ਝਾਤ

Tuesday, Oct 27, 2026 - 10:54 AM (IST)

ਭਾਰਤ ਦਾ ਨਿਊਜ਼ੀਲੈਂਡ ਨਾਲ ਸਾਹਮਣਾ ਅੱਜ, ਖਾਸ ਗੱਲਾਂ ''ਤੇ ਪਾਓ ਇਕ ਝਾਤ

ਵੇਲਿੰਗਟਨ– ਬੱਲੇਬਾਜ਼ਾਂ ਦੇ ਦਮ ’ਤੇ ਪਹਿਲੇ ਦੋ ਮੈਚਾਂ ’ਚ ਜਿੱਤ ਹਾਸਲ ਕਰਨ ਵਾਲੀ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਅਜੇਤੂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ’ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਅਰਸ਼ਦੀਪ ਸਿੰਘ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਟਿਕੀਆਂ ਰਹਿਣਗੀਆਂ।

ਭਾਰਤ 2020 ਤੋਂ ਨਿਊਜ਼ੀਲੈਂਡ ’ਚ ਅਜੇਤੂ ਰਿਹਾ ਹੈ। ਉਸ ਨੇ ਵਿਰਾਟ ਕੋਹਲੀ ਦੀ ਅਗਵਾਈ ’ਚ ਤਦ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ ਸੀ। ਇਸ ਤੋਂ ਬਾਅਦ 2022-23 ’ਚ ਆਪਣੇ ਅਗਲੇ ਦੌਰੇ ’ਚ ਭਾਰਤੀ ਟੀਮ ਨੇ ਇਕਲੌਤਾ ਅਜਿਹਾ ਮੈਚ ਜਿੱਤਿਆ ਜਿਹੜਾ ਖਰਾਬ ਮੌਸਮ ਤੋਂ ਪ੍ਰਭਾਵਿਤ ਨਹੀਂ ਹੋਇਆ ਸੀ, ਜਦਕਿ ਲੜੀ ਦਾ ਫੈਸਲਾਕੁੰਨ ਮੈਚ ਟਾਈ ਰਿਹਾ ਸੀ। ਹੁਣ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਯਕੀਨੀ ਕਰਨਾ ਚਾਹੇਗੀ ਕਿ ਜਸਪ੍ਰੀਤ ਬੁਮਰਾਹ (ਜਿਸ ਨੂੰ ਆਰਾਮ ਦਿੱਤਾ ਗਿਆ ਹੈ) ਤੇ ਹਾਰਦਿਕ ਪੰਡਯਾ (ਜਿਹੜਾ ਲੰਬੇ ਸਮੇਂ ਤੋਂ ਸੱਟ ਕਾਰਨ ਬਾਹਰ ਹੈ) ਦੀ ਗੈਰ-ਹਾਜ਼ਰੀ ਦੇ ਬਾਵਜੂਦ ਉਸ ਦਾ ਅਜੇਤੂ ਰਿਕਾਰਡ ਬਰਕਰਾਰ ਰਹੇ।

ਕ੍ਰਾਈਸਟਚਰਚ ’ਚ ਖੇਡੇ ਗਏ ਸ਼ੁਰੂਆਤੀ 2 ਮੈਚਾਂ ’ਚ ਵੱਡੇ ਟੀਚੇ ਹਾਸਲ ਕਰਨ ਤੋਂ ਬਾਅਦ ਟੀਮ ਨਿਸ਼ਚਿਤ ਰੂਪ ’ਚ ਸਹੀ ਰਾਹ ’ਤੇ ਦਿਸ ਰਹੀ ਹੈ। ਭਾਰਤ ਲਈ ਹਾਲਾਂਕਿ ਚੁਣੌਤੀ ਆਸਾਨ ਨਹੀਂ ਹੈ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਵਾਪਸੀ ਕਰਨ ਲਈ ਵਚਨਬੱਧ ਹੋਵੇਗੀ ਤੇ ਇਸ ਤੋਂ ਇਲਾਵਾ ਇੱਥੋਂ ਦੇ ਹਾਲਾਤ ਨਾਲ ਤਾਲਮੇਲ ਬਿਠਾਉਣਾ ਵੀ ਆਸਾਨ ਨਹੀਂ ਹੋਵੇਗਾ। ਭਾਰਤੀ ਟੀਮ ਨੂੰ 3 ਪਾਸਿਆਂ ਤੋਂ ਖੁੱਲ੍ਹੇ ਬੇਸਿਨ ਰਿਜ਼ਰਵ ਗਰਾਊਂਡ ’ਚ ਅਕਸਰ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਨਜਿੱਠਣਾ ਪਵੇਗਾ।

ਕੀ ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਆਖਰੀ-11 ’ਚ ਕੋਈ ਰਣਨੀਤਿਕ ਬਦਲਾਅ ਕੀਤਾ ਜਾਵੇਗਾ, ਇਸ ਬਾਰੇ ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ 4 ਸਾਲ ਬਾਅਦ ਵਾਪਸੀ ਕਰਨ ਵਾਲੇ ਭੁਵਨੇਸ਼ਵਰ ਨੂੰ ਬਿਨਾਂ ਦਬਾਅ ’ਚ ਆਏ ਕੌਮਾਂਤਰੀ ਪੱਧਰ ’ਚ ਆਪਣੀ ਲੈਅ ਹਾਸਲ ਕਰਨ ਦੀ ਲੋੜ ਹੈ। ਉਸ ਨੇ ਪਹਿਲੇ ਦੋ ਮੈਚਾਂ ’ਚ 49 ਤੇ 50 ਦੌੜਾਂ ਦਿੱਤੀਆਂ। ਭੁਵਨੇਸ਼ਵਰ ਨੂੰ ਹਾਲਾਂਕਿ ਬੇਸਿਨ ਰਿਜ਼ਰਵ ਦੇ ਹਾਲਾਤ ਰਾਸ ਆ ਸਕਦੇ ਹਨ। ਉਸ ਨੂੰ ਅਰਸ਼ਦੀਪ ਦੇ ਰੂਪ ’ਚ ਇਕ ਭਰੋਸੇਯੋਗ ਸਾਥੀ ਮਿਲੇਗਾ, ਜਿਹੜਾ ਦੋਵਾਂ ਪਾਸੇ ਸਵਿੰਗ ਕਰਨ ਦੀ ਆਪਣੀ ਸਮਰੱਥਾ ਨਾਲ ਨਿਊਜ਼ੀਲੈਂਡ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ਫਿਨ ਐਲਨ, ਟਿਮ ਸੀਫਰਟ ਤੇ ਡੈਰਿਲ ਮਿਸ਼ੇਲ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਨੇ ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਹੈ ਤੇ ਜਿਵੇਂ-ਜਿਵੇਂ ਲੜੀ ਅੱਗੇ ਵਧ ਰਹੀ ਹੈ, ਉਨ੍ਹਾਂ ’ਤੇ ਵੀ ਦਬਾਅ ਵਧਦਾ ਜਾ ਰਿਹਾ ਹੈ।

ਨਿਊਜ਼ੀਲੈਂਡ ਵੱਲੋਂ ਮੱਧ ਕ੍ਰਮ ’ਚ ਗਲੇਨ ਫਿਲਿਪਸ ਨੇ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਈ ਹੈ। ਉਸ ਨੇ ਪਹਿਲੇ ਦੋਵਾਂ ਮੈਚ ’ਚ ਅਰਧ ਸੈਂਕੜਾ ਬਣਾਇਆ। ਪਿਛਲੇ ਮੈਚ ’ਚ ਬੇਵਨ ਜੈਕਬਸ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਭਾਰਤ ਨੇ ਪਹਿਲੇ 2 ਮੈਚਾਂ ’ਚ 13 ਖਿਡਾਰੀਆਂ ਦੀ ਵਰਤੋਂ ਕੀਤੀ ਹੈ। ਜ਼ਖ਼ਮੀ ਈਸ਼ਾਨ ਕਿਸ਼ਨ ਦੀ ਜਗ੍ਹਾ ਵੈਭਵ ਸੂਰਯਵੰਸ਼ੀ ਨੂੰ ਸ਼ਾਮਲ ਕੀਤਾ ਗਿਆ ਤੇ ਦੂਜੇ ਮੈਚ ’ਚ ਡੈੱਥ ਓਵਰਾਂ ਦੇ ਮਾਹਿਰ ਪ੍ਰਿੰਸ ਯਾਦਵ ਨੇ ਮਯੰਕ ਯਾਦਵ ਦੀ ਜਗ੍ਹਾ ਲਈ। ਨਿਊਜ਼ੀਲੈਂਡ ’ਚ ਅਜੇ ਗਰਮੀਆਂ ਦੀ ਸ਼ੁਰੂਆਤ ਹੈ ਤੇ ਠੰਢੇ ਤੇ ਹਵਾਦਾਰ ਹਾਲਾਤ ’ਚ ਸ਼ਾਮ ਦਾ ਮੈਚ ਭਾਰਤੀ ਬੱਲੇਬਾਜ਼ਾਂ ਦੀ ਵੀ ਪ੍ਰੀਖਿਆ ਲੈ ਸਕਦਾ ਹੈ, ਜਿਹੜੇ ਸਿੱਧੀ ਲਾਈਨ ’ਚ ਸ਼ਾਟਾਂ ਲਾਉਣਾ ਪਸੰਦ ਕਰਦੇ ਹਨ।

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਲਈ ਕਾਰਜਭਾਰ ਪ੍ਰਬੰਧਨ ਯੋਜਨਾ ਦੇ ਤਹਿਤ ਲਾਕੀ ਫਰਗਿਊਸਨ ਤੇ ਮੈਟ ਹੈਨਰੀ ਦੀ ਗੈਰ-ਹਾਜ਼ਰੀ ਭਾਰਤ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਨਿਊਜ਼ੀਲੈਂਡ ਨੇ ਇਨ੍ਹਾਂ ਦੋਵਾਂ ਦੀ ਜਗ੍ਹਾ ’ਤੇ ਮੈਟ ਫਿਸ਼ਰ ਤੇ ਬਲੇਅਰ ਟਿਕਨਰ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ ਤੇ ਸੰਜੂ ਸੈਮਸਨ ਹਵਾ ਤੇ ਠੰਢ ਦੇ ਉਤਾਰ-ਚੜ੍ਹਾਅ ਨਾਲ ਕਿਵੇਂ ਨਜਿੱਠਦੇ ਹਨ। 15 ਸਾਲਾ ਸੂਰਯਵੰਸ਼ੀ ਲਈ ਇਸ ਤਰ੍ਹਾਂ ਦੇ ਹਾਲਾਤ ਨਿਸ਼ਚਿਤ ਰੂਪ ’ਚ ਉਸ ਨੂੰ ਇਕ ਬਿਹਤਰ ਖਿਡਾਰੀ ਬਣਾਉਣ ’ਚ ਬਹੁਤ ਮਦਦਗਾਰ ਸਾਬਤ ਹੋਣਗੇ। ਮੁੱਖ ਕੋਚ ਗੌਤਮ ਗੰਭੀਰ ਦੀ ਤਿਲਕ ਵਰਮਾ, ਨਮਨ ਧੀਰ ਤੇ ਨਿਤੀਸ਼ ਕੁਮਾਰ ਰੈੱਡੀ ਨੂੰ ਮੱਧ ਕ੍ਰਮ ’ਚ ਵਰਤੋਂ ਕਰਨ ਦੀ ਰਣਨੀਤੀ ਪਹਿਲੇ ਦੋ ਮੈਚਾਂ ’ਚ ਕਾਰਗਰ ਸਾਬਤ ਹੋਈ ਹੈ ਪਰ ਗੇਂਦਬਾਜ਼ੀ ਦੇ ਮਾਮਲੇ ’ਚ ਭਾਰਤ ਅਜੇ ਆਪਣੀਆਂ ਕਮੀਆਂ ਨੂੰ ਦੂਰ ਨਹੀਂ ਕਰ ਪਾਇਆ ਹੈ।

ਟੀਮਾਂ ਇਸ ਤਰ੍ਹਾਂ ਹਨ :

ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਨਮਨ ਧੀਰ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਮਯੰਕ ਯਾਦਵ, ਕੁਮਾਰ ਕੁਸ਼ਾਗਰ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ।

ਨਿਊਜ਼ੀਲੈਂਡ : ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਬੇਵਨ ਜੈਕਬਸ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਡੇਵੋਨ ਕਾਨਵੇ, ਮਿਸ਼ੇਲ ਸੈਂਟਨਰ (ਕਪਤਾਨ), ਮਾਈਕਲ ਬ੍ਰੇਸਵੈੱਲ, ਨਾਥਨ ਸਮਿਥ, ਬਲੇਅਰ ਟਿਕਨਰ, ਮੈਟ ਫਿਸ਼ਰ, ਕਾਇਲ ਜੈਮੀਸਨ, ਜੈਕਬ ਡਫੀ, ਐਡਮ ਮਿਲਨੇ, ਜੋਸ਼ ਕਲਾਰਕਸਨ।


author

Tarsem Singh

Content Editor

Related News